ਰੁਪਾਣਾ, 4 ਜੂਨ (ਜਗਜੀਤ ਸਿੰਘ)-ਪਿੰਡ ਰੁਪਾਣਾ ਤੋਂ ਧਿਗਾਣਾ ਅਤੇ ਰੁਪਾਣਾ ਤੋਂ ਮਹਾਂਬੱਧਰ ਆਦਿ ਨੂੰ ਜਾਂਦੀਆਂ ਲਿੰਕ ਰੋਡਾਂ ਨੂੰ ਬਣਾਉਣ ਲਈ ਠੇਕੇਦਾਰ ਵਲੋਂ ਪਿਛਲੇ 6 ਮਹੀਨਿਆਂ ਤੋਂ ਇਨ੍ਹਾਂ ਉਪਰ ਮੋਟਾ ਪੱਥਰ ਖਿਲਾਰ ਦਿੱਤਾ, ਪਰ ਬਾਅਦ ਵਿਚ ਅੱਜ ਤੱਕ ਕੋਈ ਕਾਰਵਾਈ ਨਾ ਕਰਨ 'ਤੇ ਦਰਜਨਾਂ ਪਿੰਡਾਂ ਤੇ ਢਾਣੀਆਂ ਵਾਸੀ ਅਤੇ ਰਾਹਗੀਰ ਪ੍ਰੇਸ਼ਾਨ ਹਨ | ਇਸ ਸੰਬੰਧੀ ਹਰਜਿੰਦਰ ਸਿੰਘ ਖ਼ਾਲਸਾ, ਸ਼ਿਵਰਾਜ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਬਾਜ ਸਿੰਘ ਸੰਧੂ, ਕਸ਼ਮੀਰ ਸਿੰਘ, ਸੰਦੀਪ ਸਿੰਘ ਧਾਲੀਵਾਲ, ਹਰੀ ਸਿੰਘ, ਰੇਸ਼ਮ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਸੰਬੰਧਿਤ ਮਹਿਕਮੇ ਵਲੋਂ ਪਿਛਲੇ ਲੰਮੇ ਸਮੇਂ ਤੋਂ ਸਾਰ ਨਾ ਲੈਣ ਕਰਕੇ ਇਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਸੀ ਅਤੇ ਇਨ੍ਹਾਂ ਵਿਚ ਵੱਡੇ-ਵੱਡੇ ਟੋਟੇ ਬਣ ਚੁੱਕੇ ਸੀ, ਜਿਸ ਕਰਕੇ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਚੁੱਕਾ ਸੀ | ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਗੇ ਮੰਗ ਰੱਖਣ 'ਤੇ ਇਨ੍ਹਾਂ ਸੜਕਾਂ ਨੂੰ ਬਣਾਉਣ ਦੀ ਸੁਣਵਾਈ ਹੋਈ, ਪਰ ਹੁਣ ਠੇਕੇਦਾਰ ਦੀ ਲਾਪ੍ਰਵਾਹੀ ਕਰਕੇ ਪਿਛਲੇ 6 ਮਹੀਨਿਆਂ ਤੋਂ ਉਹ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਤੋਂ ਤਿੰਨ ਦਰਜਨਾਂ ਦੇ ਕਰੀਬ ਪਿੰਡਾਂ ਦੇ ਵਾਸੀਆਂ ਅਤੇ ਰਾਹਗੀਰਾਂ ਦਾ ਆਉਣਾ-ਜਾਣਾ ਬਣਿਆ ਹੋਇਆ ਹੈ, ਪਰ ਸੜਕ 'ਤੇ ਪਾਏ ਪੱਥਰ ਕਰਕੇ ਇਨ੍ਹਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸੜਕ ਦੀ ਹਾਲਤ ਨੂੰ ਦੇਖਦਿਆਂ ਸਕੂਲੀ ਵੈਨ ਚਾਲਕਾਂ ਨੇ ਢਾਣੀਆਂ ਵਿਚ ਆਉਣਾ-ਜਾਣਾ ਬੰਦ ਕਰ ਦਿੱਤਾ | ਇਸ ਕਰਕੇ ਉਨ੍ਹਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨ੍ਹਾਂ ਸੜਕਾਂ ਦੀ ਜਲਦੀ ਸੁਣਵਾਈ ਨਾ ਹੋਈ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਭੁਗਤਣਾ ਪੈ ਸਕਦਾ ਹੈ |