ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)-ਪੰਜਾਬ ਦੀ ਡੇਅਰੀ ਅਤੇ ਖੇਤੀਬਾੜੀ ਅਰਥਚਾਰੇ ਲਈ ਵੱਡੀ ਪੁਲਾਂਘ ਪੁੱਟਦਿਆਂ ਭਗਵੰਤ ਮਾਨ ਸਰਕਾਰ ਨੇ ਮੰਡੀ ਗੋਬਿੰਦਗੜ੍ਹ ਦੇ ਵਜ਼ੀਰਾਬਾਦ ਦੇ ਇੰਡਸਟਰੀਅਲ ਪਾਰਕ ਵਿਖੇ ਕਾਰਗਿਲ ਕੰਪਨੀ ਦੇ 300 ਕਰੋੜ ਰੁਪਏ ਦੇ ਪਸ਼ੂ ਚਾਰਾ ਪਲਾਂਟ ਨੂੰ ਚਾਲੂ ਕਰ ਦਿੱਤਾ ਹੈ, ਜੋ ਦੱਖਣੀ ਏਸ਼ੀਆ ਵਿਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਪਲਾਂਟ ਹੈ | ਇਸ ਮੈਗਾ ਪ੍ਰਾਜੈਕਟ ਦਾ ਚਾਲੂ ਹੋਣਾ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਤੋਂ ਪਹਿਲਾਂ ਮਹੱਤਵਪੂਰਨ ਉਦਯੋਗਿਕ ਪ੍ਰਾਪਤੀ ਹੈ, ਜੋ ਪੰਜਾਬ ਵਿਚ ਵਿਸ਼ਵਵਿਆਪੀ ਨਿਵੇਸ਼ਕਾਂ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ | ਇਹ ਅਤਿ-ਆਧੁਨਿਕ ਪਲਾਂਟ ਪੰਜਾਬ ਦੇ ਖੇਤੀਬਾੜੀ-ਉਦਯੋਗਿਕ ਵਾਤਾਵਰਨ ਨੂੰ ਮਜ਼ਬੂਤ ਕਰਦਾ ਹੈ, ਰੁਜ਼ਗਾਰ ਪੈਦਾ ਕਰਦਾ ਹੈ ਅਤੇ ਦੁੱਧ ਦੀ ਪੈਦਾਵਾਰ ਵਿਚ ਸੁਧਾਰ ਅਤੇ ਡੇਅਰੀ ਉਤਪਾਦਕਤਾ ਵਿਚ ਵਾਧਾ ਕਰਕੇ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਉਂਦਾ ਹੈ | ਇਹ ਪ੍ਰਾਜੈਕਟ ਪੰਜਾਬ ਸਰਕਾਰ ਦੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ, ਖੇਤੀਬਾੜੀ-ਪ੍ਰਾਸੈਸਿੰਗ ਸਮਰੱਥਾ ਨੂੰ ਵਧਾਉਣ ਅਤੇ ਨਿਰੰਤਰ ਨਿਵੇਸ਼ ਅਤੇ ਨੀਤੀ-ਅਧਾਰਤ ਵਿਕਾਸ ਰਾਹੀਂ 'ਰੰਗਲਾ ਪੰਜਾਬ' ਦੇ ਦਿ੍ੜ੍ਹ ਇਰਾਦੇ ਨੂੰ ਦਰਸਾਉਂਦਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਇਹ ਪਲਾਂਟ ਉਦਯੋਗਿਕ ਵਿਕਾਸ ਅਤੇ ਨਿਵੇਸ਼ਕਾਂ ਦੀ ਸਹੂਲਤ ਪ੍ਰਤੀ ਪੰਜਾਬ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ | ਪ੍ਰਾਜੈਕਟ ਦੇ ਪੱਧਰ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ 15 ਏਕੜ ਤੋਂ ਵੱਧ ਰਕਬੇ ਵਿਚ ਫੈਲੇ ਕਾਰਗਿਲ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 4.5 ਲੱਖ ਮੀਟਰਿਕ ਟਨ ਹੈ ਅਤੇ ਇਹ ਦੱਖਣੀ ਏਸ਼ੀਆ ਵਿਚ ਸਭ ਤੋਂ ਵੱਡਾ ਪਸ਼ੂ ਫ਼ੀਡ ਪਲਾਂਟ ਹੈ |