ਜਲੰਧਰ, 29 ਮਾਰਚ (ਸ਼ਿਵ)-ਆਬਕਾਰੀ ਵਿਭਾਗ ਇਸ ਵਿੱਤੀ ਵਰੇ੍ਹ ਦਾ ਕਰੀਬ 76 ਫ਼ੀਸਦੀ ਕਾਰੋਬਾਰ ਵੇਚਣ ਵਿਚ ਸਫਲ ਰਿਹਾ ਹੈ ਤੇ ਉਸ ਵਲੋਂ ਹੁਣ ਰਹਿ ਗਏ 49 ਸ਼ਰਾਬ ਗਰੁੱਪਾਂ ਨੂੰ ਵੇਚਣ ਲਈ ਲਾਇਸੈਂਸ ਫ਼ੀਸ ਵਿਚ 8 ਫ਼ੀਸਦੀ ਦੀ ਛੋਟ ਦਿੱਤੀ ਗਈ ਹੈ | ਆਬਕਾਰੀ ਵਿਭਾਗ ਸੂਬੇ ਦੇ 207 ਗਰੁੱਪਾਂ ਵਿਚੋਂ 158 ਸ਼ਰਾਬ ਦੇ ਗਰੁੱਪ ਵੇਚ ਚੁੱਕਾ ਹੈ | ਵਿਭਾਗ ਵਲੋਂ 2026-27 ਵਿੱਤੀ ਵਰੇ੍ਹ ਵਿਚ 12,850 ਕਰੋੜ ਵਿਚ ਸ਼ਰਾਬ ਕਾਰੋਬਾਰ ਵੇਚਣਾ ਹੈ | ਆਬਕਾਰੀ ਵਿਭਾਗ ਵਲੋਂ ਦੇਰੀ ਪਹਿਲਾਂ ਲਾਇਸੈਂਸ ਨਵਿਆਉਣ ਵਾਲਿਆਂ ਲਈ 31 ਮਾਰਚ ਤੱਕ ਜ਼ਮਾਨਤੀ ਰਕਮ ਜਮਾਂ ਕਰਵਾਉਣੀ ਸੀ ਪਰ 30 ਮਾਰਚ ਨੂੰ ਜਿਨ੍ਹਾਂ ਠੇਕੇਦਾਰਾਂ ਵਲੋਂ ਕਾਰੋਬਾਰ ਲਿਆ ਜਾਂਦਾ ਹੈ ਤਾਂ ਉਹ ਅਗਲੇ ਸੱਤ ਦਿਨਾਂ ਵਿਚ ਆਪਣੀਆਂ ਜ਼ਮਾਨਤੀ ਰਕਮਾਂ ਨੂੰ ਜਮਾਂ ਕਰਵਾ ਸਕਦੇ ਹਨ | ਆਬਕਾਰੀ ਵਿਭਾਗ ਰਹਿ ਗਏ ਸ਼ਰਾਬ ਦੇ ਗਰੁੱਪਾਂ ਨੂੰ ਵੇਚਣ ਲਈ ਦੋ ਵਾਰ ਲਾਇਸੈਂਸ ਫ਼ੀਸ ਵਿਚ ਕਮੀ ਕਰ ਚੁੱਕਾ ਹੈ ਤੇ ਇਨ੍ਹਾਂ ਵਿਚ ਦੋ ਵਾਰ 3-3 ਫ਼ੀਸਦੀ ਤੇ ਇਕ ਵਾਰ 2 ਫ਼ੀਸਦੀ ਲਾਇਸੈਂਸ ਫ਼ੀਸ ਵਿਚ ਕਮੀ ਕੀਤੀ ਗਈ ਹੈ | ਇਸ ਵਾਰ ਕਈ ਸ਼ਰਾਬ ਦੇ ਗਰੁੱਪ ਰਹਿਣ ਦੇ ਕਈ ਕਾਰਨ ਦੱਸੇ ਜਾਂਦੇ ਹਨ ਕਿਉਂਕਿ ਪਿਛਲੇ ਸਾਲਾਂ ਵਿਚ ਕਈ ਕਾਰਨਾਂ ਕਰਕੇ ਕਾਰੋਬਾਰ ਚੰਗਾ ਨਹੀਂ ਹੋਇਆ ਸੀ | ਇਕ ਤਾਂ ਪਿਛਲੇ ਸਾਲ ਜਦੋਂ ਆਪ੍ਰੇਸ਼ਨ ਸੰਧੂਰ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਕਾਫ਼ੀ ਪ੍ਰਵਾਸੀ ਮਜ਼ਦੂਰ ਵੀ ਆਪਣੇ ਰਾਜਾਂ ਨੂੰ ਚਲੇ ਗਏ ਸਨ ਤਾਂ ਬਾਅਦ ਵਿਚ ਕਈ ਪ੍ਰਵਾਸੀ ਮਜ਼ਦੂਰ ਬਿਹਾਰ ਵਿਚ ਐਸ. ਆਈ. ਆਰ. ਦੇ ਚੱਲ ਰਹੇ ਕੰਮ ਤੇ ਵੋਟਾਂ ਕੱਟਣ ਦੇ ਡਰ ਕਰਕੇ ਵਾਪਸ ਚਲੇ ਗਏ ਸਨ | ਇਸ ਤੋਂ ਇਲਾਵਾ ਪਿਛਲੇ ਸਾਲ ਮਾਨਸੂਨ ਵੀ ਕਾਫ਼ੀ ਲੰਬੀਆਂ ਚੱਲੀਆਂ ਸੀ ਜਿਸ ਨਾਲ ਬੀਅਰ ਦੀ ਵਿੱਕਰੀ 'ਤੇ ਵੱਡਾ ਅਸਰ ਪਿਆ ਸੀ | ਆਬਕਾਰੀ ਵਿਭਾਗ ਵਲੋਂ ਆਉਣ ਵਾਲੇ ਸਮੇਂ ਵਿਚ ਆਪਣਾ ਰਹਿ ਗਏ ਗਰੁੱਪਾਂ ਨੂੰ ਵੇਚਣ ਵਿਚ ਧਿਆਨ ਕੇਂਦਰਿਤ ਹੋਵੇਗਾ ਕਿਉਂਕਿ ਉਂਜ ਵੀ ਪਹਿਲੀ ਅਪ੍ਰੈਲ ਤੋਂ ਲਾਇਸੈਂਸ ਫ਼ੀਸ ਨਵਿਆਉਣ ਵਾਲੇ ਆਪਣਾ ਕੰਮ ਸ਼ੁਰੂ ਕਰ ਦੇਣਗੇ | ਉੱਧਰ ਹੁਣ ਪੁਰਾਣਾ ਕਾਰੋਬਾਰ ਖ਼ਤਮ ਹੋਣ ਲਈ ਦੋ ਦਿਨ ਰਹਿ ਗਏ ਹਨ ਜਿਸ ਕਰਕੇ ਕਈ ਗਰੁੱਪਾਂ ਦੇ ਠੇਕਿਆਂ 'ਤੇ ਹੁਣ ਰੌਣਕਾਂ ਵੀ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ | ਸ਼ੌਕੀਨਾਂ ਨੂੰ 2 ਦਿਨ ਤੱਕ ਕਾਫ਼ੀ ਮੌਜ ਰਹਿਣ ਵਾਲੀ ਹੈ ਤੇ ਕਈ ਸ਼ੌਕੀਨ ਤਾਂ ਪੇਟੀਆਂ ਦੀਆਂ ਪੇਟੀਆਂ ਦੀ ਖ਼ਰੀਦ ਕਰ ਲੈਂਦੇ ਹਨ | ਇਸ ਵਾਰ ਵੀ ਆਬਕਾਰੀ ਵਿਭਾਗ ਨੇ ਆਪਣੀ ਨੀਤੀ ਵਿਚ ਜ਼ਿਆਦਾ ਬਦਲਾਅ ਨਾ ਕਰਦੇ ਹੋਏ ਮੌਜੂਦਾ ਕਾਰੋਬਾਰੀਆਂ ਨੂੰ ਹੀ ਲਾਇਸੈਂਸ ਫ਼ੀਸ ਵਿਚ ਵਾਧਾ ਕਰਕੇ ਉਨ੍ਹਾਂ ਨੂੰ ਲਾਇਸੈਂਸ ਨਵਿਆਉਣ ਦੀ ਨੀਤੀ ਲਾਗੂ ਕੀਤੀ ਸੀ ਤਾਂ ਇਸ ਨੀਤੀ ਨੂੰ ਕਾਫ਼ੀ ਹੁੰਗਾਰਾ ਮਿਲਿਆ ਹੈ | ਆਖ਼ਰੀ ਦਿਨਾਂ ਵਿਚ ਹੁਣ ਸ਼ਹਿਰ ਦੇ ਰਹਿ ਗਏ ਗਰੁੱਪਾਂ ਦਾ ਕੰਮ ਵੀ ਸਿਰੇ ਚੜ੍ਹਨ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |