15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਾਕਿ ਖ਼ੁਫ਼ੀਆ ਏਜੰਸੀ ਦੀ ਰੈੱਡ ਬੁੱਕ 'ਚ ਮਨੁੱਖੀ ਤਸਕਰੀ 'ਚ ਸ਼ਾਮਿਲ 156 ਨਾਮੀ ਤਸਕਰਾਂ ਬਾਰੇ ਜਾਣਕਾਰੀ ਦਰਜ

ਅਜੀਤ ਡੈਸਕ 30-03-2026

ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰਾਲੇ ਅਧੀਨ ਆਉਂਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਦੇ ਡਾਇਰੈਕਟਰ ਜਨਰਲ ਵਲੋਂ ਜਾਰੀ ਕੀਤੀ ਰੈੱਡ ਬੁੱਕ (ਖ਼ੁਫ਼ੀਆ ਜਾਣਕਾਰੀਆਂ ਵਾਲਾ ਕਿਤਾਬਚਾ) 'ਚ ਮਨੁੱਖੀ ਤਸਕਰੀ 'ਚ ਸ਼ਾਮਿਲ ਪਾਕਿ ਦੇ ਕੁੱਲ 156 ਲੋੜੀਂਦੇ ਤਸਕਰਾਂ ਦੀ ਸੂਚੀ ਉਨ੍ਹਾਂ ਦੀਆਂ ਤਸਵੀਰਾਂ ਅਤੇ ਮੁਕੰਮਲ ਵੇਰਵਿਆਂ ਸਮੇਤ ਪ੍ਰਕਾਸ਼ਿਤ ਕੀਤੀ ਗਈ ਹੈ | ਹਾਲਾਂਕਿ, ਪਾਕਿ 'ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਦੀ ਗਿਣਤੀ 6000 ਤੋਂ ਵੀ ਵਧੇਰੇ ਹੈ | 'ਰੈੱਡ ਬੁੱਕ' ਮੁਤਾਬਿਕ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਅਗਵਾ ਦੇ ਮਾਮਲਿਆਂ 'ਚ ਤਿੰਨ ਦਰਜਨ ਤੋਂ ਵਧੇਰੇ ਪਾਕਿਸਤਾਨੀ ਔਰਤਾਂ ਵੀ ਸ਼ਾਮਿਲ ਹਨ | ਸਰਹੱਦ ਪਾਰ ਦੇ ਸੂਤਰਾਂ ਦੀ ਮਾਰਫ਼ਤ 'ਅਜੀਤ' ਨੂੰ ਮਿਲੀ ਇਸ ਰੈੱਡ ਬੁੱਕ ਮੁਤਾਬਕ ਮੌਜੂਦਾ ਸਮੇਂ ਮਨੁੱਖੀ ਤਸਕਰੀ 'ਚ ਸ਼ਾਮਿਲ ਤਸਕਰਾਂ 'ਚੋਂ ਲਾਹੌਰ 'ਚ 20, ਗੁੱਜਰਾਂਵਾਲਾ 71, ਫ਼ੈਸਲਾਬਾਦ 11, ਸਰਗੋਧਾ 1, ਮੁਲਤਾਨ 3, ਬਹਾਵਲਪੁਰ 1, ਡੇਰਾ ਗ਼ਾਜ਼ੀ ਖ਼ਾਨ 1, ਇਸਲਾਮਾਬਾਦ 34, ਕਰਾਚੀ 12, ਬਲੋਚਿਸਤਾਨ 2 ਅਤੇ ਸੂਬਾ ਖ਼ੈਬਰ ਪਖਤੂਨਖਵਾ 'ਚ 2 ਤਸਕਰ ਸਰਗਰਮ ਹਨ | ਉਕਤ ਤੋਂ ਇਲਾਵਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਇਸ ਮਹੱਤਵਪੂਰਨ ਦਸਤਾਵੇਜ਼ 'ਚ 1210 ਹਾਈ ਪ੍ਰੋਫਾਈਲ ਅੱਤਵਾਦੀਆਂ ਦੇ ਮੁਕੰਮਲ ਵੇਰਵੇ ਵੀ ਦਰਜ ਹਨ | ਸੂਚੀ 'ਚ ਬਲੋਚਿਸਤਾਨ ਦੇ 161, ਖ਼ੈਬਰ ਪਖਤੂਨਖਵਾ ਦੇ 737, ਸਿੰਧ ਦੇ 100, ਲਹਿੰਦੇ ਪੰਜਾਬ ਦੇ 122, ਇਸਲਾਮਾਬਾਦ ਦੇ 32 ਅਤੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ 30 ਲੋੜੀਂਦੇ ਅੱਤਵਾਦੀਆਂ ਦੇ ਨਾਂਅ ਅਤੇ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀਆਂ ਰੰਗਦਾਰ ਤਸਵੀਰਾਂ ਸਮੇਤ ਦਰਜ ਹਨ | ਇਸ ਰੈੱਡ ਬੁੱਕ 'ਚ 26 ਨਵੰਬਰ 2008 ਨੂੰ ਮੁੰਬਈ 'ਚ ਹੋਏ ਹਮਲਿਆਂ 'ਚ ਸ਼ਾਮਿਲ 11 ਪਾਕਿਸਤਾਨੀ ਅੱਤਵਾਦੀਆਂ ਮੁਹੰਮਦ ਅਮਜਦ ਖ਼ਾਨ (ਜ਼ਿਲ੍ਹਾ ਮੁਲਤਾਨ), ਸ਼ਾਹਿਦ ਗ਼ਫ਼ੂਰ (ਬਹਾਵਲਪੁਰ), ਮੁਹੰਮਦ ਉਸਮਾਨ (ਜ਼ਿਲ੍ਹਾ ਸਾਹੀਵਾਲ), ਅਤੀਕ-ਉਰ-ਰਹਿਮਾਨ (ਲਾਹੌਰ), ਰਿਆਜ਼ ਅਹਿਮਦ (ਹਾਫਿਜ਼ਾਬਾਦ), ਮੁਹੰਮਦ ਮੁਸ਼ਤਾਕ (ਗੁੱਜਰਾਂਵਾਲਾ), ਮੁਹੰਮਦ ਨਈਮ (ਡੇਰਾ ਗ਼ਾਜ਼ੀ ਖ਼ਾਨ), ਅਬਦੁਲ ਸ਼ਕੂਰ (ਸਰਗੋਧਾ), ਮੁਹੰਮਦ ਸ਼ਬੀਰ (ਮੁਲਤਾਨ), ਮੁਹੰਮਦ ਉਸਮਾਨ (ਲੋਧਰਾਂ), ਸ਼ਕੀਲ ਅਹਿਮਦ (ਰਹੀਮ ਯਾਰ ਖ਼ਾਨ) ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ |

ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਹਾਕੀ ਅਕੈਡਮੀ ਨਿੱਕੇ ਘੁੰਮਣ ਵਿਖੇ ਟ੍ਰਾਇਲ 6 ਅਪ੍ਰੈਲ ਨੂੰ ਅਗਲੀ ਖ਼ਬਰ ਪਾਕਿ-ਅਫ਼ਗਾਨ ਸੰਬੰਧਾਂ 'ਤੇ ਚਰਚਾ ਕਰਨ ਲਈ 31 ਨੂੰ ਪਿਸ਼ਾਵਰ 'ਚ ਹੋਵੇਗੀ 'ਸ਼ਾਂਤੀ ਜਿਰਗਾ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।