ਪਟਿਆਲਾ, 29 ਮਾਰਚ (ਗੁਰਵਿੰਦਰ ਸਿੰਘ ਔਲਖ)-ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੋ ਪਿਛਲੇ ਦਿਨਾਂ ਤੋਂ ਪੁਲਿਸ ਰਿਮਾਂਡ 'ਤੇ ਸੀ ਨੂੰ ਅੱਜ ਮੁੜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਪੁਲਿਸ ਪਾਸੇ ਵਲੋਂ ਚੱਲ ਰਹੀ ਜਾਂਚ ਨੂੰ ਅੱਗੇ ਵਧਾਉਣ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ | ਸੁਣਵਾਈ ਦੌਰਾਨ ਪੁਲਿਸ ਅਧਿਕਾਰੀਆਂ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਕੁੱਝ ਹੋਰ ਪੱਖਾਂ ਦੀ ਪੜਤਾਲ ਬਾਕੀ ਹੈ, ਜਿਸ ਲਈ ਹੋਰ ਪੁਲਿਸ ਰਿਮਾਂਡ ਲੋੜੀਂਦਾ ਹੈ | ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਉਪਰੰਤ ਅਦਾਲਤ ਵਲੋਂ ਪੁਲਿਸ ਦੀ ਮੰਗ ਦੇ ਆਧਾਰ 'ਤੇ ਹਰਮੀਤ ਸਿੰਘ ਪਠਾਣਮਾਜਰਾ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ | ਪਠਾਣਮਾਜਰਾ ਨੂੰ 7 ਮਹੀਨੇ ਦੇ ਕਰੀਬ ਅਰਸੇ ਤੋਂ ਬਾਅਦ ਪੁਲਿਸ ਵਲੋਂ ਗਵਾਲੀਅਰ ਤੋਂ ਗਿ੍ਫ਼ਤਾਰ ਕਰਕੇ ਪਟਿਆਲਾ ਦੀ ਅਦਾਲਤ 'ਚ 25 ਮਾਰਚ ਨੂੰ ਪੇਸ਼ ਕੀਤਾ ਗਿਆ ਸੀ, ਜਿਥੋਂ ਪੁਲਿਸ ਨੂੰ ਚਾਰ ਦਿਨ ਦਾ ਰਿਮਾਂਡ ਮਿਲਿਆ ਸੀ |