ਪਹਿਲਾਂ ਪੁਰਾਣਾ ਸਟਾਕ ਹਟਾਉਣ ਦੀ ਮੰਗ, ਨਹੀਂ ਤਾਂ ਗੁਣਵੱਤਾ ਤੇ ਵਜ਼ਨ ਘਟਣ ਦਾ ਖ਼ਤਰਾ
ਮੂਣਕ, 29 ਮਾਰਚ (ਕੇਵਲ ਸਿੰਗਲਾ)-ਪੰਜਾਬ ਵਿਚ 1 ਅਪ੍ਰੈਲ ਤੋਂ ਸਰਕਾਰੀ ਕਣਕ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਹੀ ਸਟੋਰੇਜ ਤੇ ਉਠਾਨ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ | ਸਰਕਾਰੀ ਏਜੰਸੀਆਂ ਕੋਲ ਪ੍ਰਯਾਪਤ ਢਾਂਚਾ ਹੋਣ ਦੇ ਬਾਵਜੂਦ ਹਰ ਸਾਲ ਦੀ ਤਰ੍ਹਾਂ ਦੇਰੀ ਨਾਲ ਉਠਾਨ ਕਾਰਨ ਮੰਡੀਆਂ ਵਿਚ ਕਣਕ ਰੱਖਣ ਦੀ ਸਮੱਸਿਆ ਖੜੀ ਹੋਣ ਦਾ ਖਤਰਾ ਹੈ | ਰਾਜ ਸਰਕਾਰ ਨੇ ਅਪ੍ਰੈਲ ਤੋਂ ਜੂਨ ਤੱਕ 860 ਖਾਸ ਰੇਲਗੱਡੀਆਂ ਰਾਹੀਂ ਲਗਭਗ 22.6 ਲੱਖ ਮੈਟਰਿਕ ਟਨ ਕਣਕ ਹੋਰ ਰਾਜਾਂ ਵੱਲ ਭੇਜਣ ਦੀ ਯੋਜਨਾ ਬਣਾਈ ਹੈ | ਪਰ ਆੜ੍ਹਤੀਆਂ ਨੇ ਇਸ ਯੋਜਨਾ 'ਤੇ ਸਵਾਲ ਖੜੇ ਕੀਤੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਿਆਦਾਤਰ ਖਰੀਦ ਅਪ੍ਰੈਲ ਵਿਚ ਹੀ ਮੁਕੰਮਲ ਹੋ ਜਾਂਦੀ ਹੈ, ਫਿਰ ਵੀ ਵੱਡੀ ਗਿਣਤੀ ਵਿਚ ਰੇਲਗੱਡੀਆਂ ਮਈ ਲਈ ਰੱਖੀਆਂ ਗਈਆਂ ਹਨ, ਜਿਸ ਨਾਲ ਲਾਜਿਸਟਿਕ ਸਮੱਸਿਆ ਵਧ ਸਕਦੀ ਹੈ | ਪੰਜਾਬ ਵਿਚ ਲਗਭਗ 173 ਲੱਖ ਮੈਟਰਿਕ ਟਨ ਕਵਰਡ ਸਟੋਰੇਜ ਸਮਰਥਾ ਮੌਜੂਦ ਹੈ, ਜਿਸ ਵਿਚੋਂ ਕਰੀਬ 48 ਲੱਖ ਮੈਟਰਿਕ ਟਨ ਐਫ਼. ਸੀ. ਆਈ. ਕੋਲ ਹੈ, ਜਦਕਿ ਬਾਕੀ ਮਾਰਕਫੈੱਡ, ਪਨਸਪ ਤੇ ਹੋਰ ਏਜੰਸੀਆਂ ਕੋਲ ਹੈ | ਇਸ ਤੋਂ ਇਲਾਵਾ ਕਰੀਬ 7 ਲੱਖ ਮੈਟਰਿਕ ਟਨ ਸਾਇਲੋ ਸਮਰਥਾ ਵੀ ਹੈ | ਆੜ੍ਹਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਈ-ਜੂਨ ਦੀ ਗਰਮੀ ਵਿਚ ਮੰਡੀਆਂ 'ਚ ਪਈ ਕਣਕ ਸੁੱਕ ਕੇ ਵਜ਼ਨ ਘਟਾ ਸਕਦੀ ਹੈ, ਜਿਸ ਨਾਲ ਭੁਗਤਾਨ 'ਚ ਕਟੌਤੀ ਤੇ ਆਰਥਿਕ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਪੁਰਾਣਾ ਸਟਾਕ ਰੱਖਣ ਨਾਲ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ | ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਸੁਝਾਅ ਦਿੱਤਾ ਕਿ ਪਹਿਲਾਂ ਮੰਡੀਆਂ ਤੋਂ ਕਣਕ ਚੁੱਕ ਕੇ ਗੋਦਾਮਾਂ ਵਿਚ ਸਟੋਰ ਕੀਤੀ ਜਾਵੇ ਤੇ ਫਿਰ ਰੇਲ ਰਾਹੀਂ ਭੇਜਿਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਪੁਰਾਣਾ ਸਟਾਕ ਤੁਰੰਤ ਹਟਾਇਆ ਜਾਵੇ, ਮੰਡੀਆਂ ਤੋਂ ਸਮੇਂ 'ਤੇ ਉਠਾਨ ਯਕੀਨੀ ਬਣਾਇਆ ਜਾਵੇ, ਅਸਥਾਈ ਸਟੋਰੇਜ (ਕਵਰ ਐਂਡ ਪਲਿੰਥ) ਦੀ ਵੱਧ ਵਰਤੋਂ ਕੀਤੀ ਜਾਵੇ | ਕਣਕ ਪ੍ਰਬੰਧਨ ਨੂੰ ਲੈ ਕੇ ਸਰਕਾਰ ਤੇ ਆੜ੍ਹਤੀਆਂ ਵਿਚਕਾਰ ਟਕਰਾਅ ਵਧ ਰਿਹਾ ਹੈ | ਜੇ ਸਮੇਂ ਸਿਰ ਢੁਕਵਾਂ ਹੱਲ ਨਾ ਲੱਭਿਆ ਗਿਆ, ਤਾਂ ਸਟੋਰੇਜ ਸੰਕਟ ਹੋਰ ਗੰਭੀਰ ਹੋ ਸਕਦਾ ਹੈ |
ਪੰਜਾਬ 'ਚ ਕਣਕ ਸਟੋਰੇਜ ਸੰਕਟ ਗਹਿਰਾਇਆ
ਅਜੀਤ ਡੈਸਕ
30-03-2026