ਬਟਾਲਾ, 29 ਮਾਰਚ (ਸਤਿੰਦਰ ਸਿੰਘ)-ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਸ੍ਰੀ ਖਡੂਰ ਸਾਹਿਬ 'ਤੇ ਲਗਾਈ ਗਈ ਐਨ.ਐਸ.ਏ. ਵਿਰੁੱਧ ਅਤੇ ਪੰਜਾਬ ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਦੀ ਪੈਰੋਲ ਦੀ ਕੀਤੀ ਜਾ ਰਹੀ ਵਿਰੋਧਤਾ ਦੇ ਸੰਬੰਧ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਬਟਾਲਾ 'ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਮੈਂਬਰ ਕੋਰ ਕਮੇਟੀ ਅਤੇ ਇੰਚਾਰਜ ਹਲਕਾ ਬਟਾਲਾ ਪਿ੍ਥੀਪਾਲ ਸਿੰਘ, ਸੁਖਦੇਵ ਸਿੰਘ ਸੰਧੂ ਠੱਕਰਸੰਧੂ ਬਲਾਰਾ ਪਾਰਟੀ ਅਤੇ ਸਤਿੰਦਰਜੀਤ ਸਿੰਘ ਗਿੱਲ ਗੁਰਦਾਸਪੁਰ ਵਲੋਂ ਕੀਤੀ ਗਈ | ਇਹ ਰੋਸ ਪ੍ਰਦਰਸ਼ਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਮਾਤਾ ਸੁਲੱਖਣੀ ਜੀ ਗੇਟ, ਜੀ.ਟੀ. ਰੋਡ ਜਲੰਧਰ 'ਤੇ ਸਮਾਪਤ ਹੋਇਆ | ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ 'ਚ ਪਾਰਟੀ ਦੇ ਵਰਕਰ ਅਤੇ ਭਾਈ ਅੰਮਿ੍ਤਪਾਲ ਸਿੰਘ ਦੇ ਹਮਾਇਤੀ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਐਨ.ਐਸ.ਏ. ਦੇ ਵਿਰੋਧ ਵਿਚ ਭਾਰੀ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਿ੍ਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ 'ਤੇ ਲਗਾਈ ਗਈ ਐਨ.ਐਸ.ਏ. ਭਾਰਤੀ ਲੋਕਤੰਤਰ ਦੇ ਮੱਥੇ 'ਤੇ ਕਲੰਕ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਸਿਆਸੀ ਬਦਲਾਖੋਰੀ ਤਹਿਤ ਭਾਈ ਅੰਮਿ੍ਤਪਾਲ ਸਿੰਘ ਨੂੰ ਨਜ਼ਰਬੰਦ ਕੀਤਾ ਹੋਇਆ ਹੈ | ਸੁਖਦੇਵ ਸਿੰਘ ਸੰਧੂ ਤੇ ਸਤਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਜੇ ਭਾਈ ਅੰਮਿ੍ਤਪਾਲ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਲੋਕ ਵੱਡਾ ਅੰਦੋਲਨ ਸ਼ੁਰੂ ਕਰਨਗੇ | ਇਸ ਰੋਸ ਪ੍ਰਦਰਸ਼ਨ ਵਿਚ ਬਲਬੀਰ ਸਿੰਘ ਫਤਿਹ ਨੰਗਲ, ਗੁਰਦੇਵ ਸਿੰਘ ਸ਼ਾਹੀ, ਜਸਵਿੰਦਰ ਸਿੰਘ ਕਥਾਵਾਚਕ, ਪਿ੍ੰਸ ਕਾਹਨੂੰਵਾਨ, ਖੁਸ਼ਕਰਨ ਸਿੰਘ ਹੇਅਰ, ਸਰਦੂਲ ਸਿੰਘ ਮੱਲ੍ਹੀ, ਜਥੇਦਾਰ ਅਮਰੀਕ ਸਿੰਘ ਬਟਾਲਾ, ਜਸਵੀਰ ਸਿੰਘ, ਗੁਰਤੇਜ ਸਿੰਘ ਹੇਅਰ, ਸ਼ੇਰ ਸਿੰਘ ਘੁੰਮਣ, ਰੂਪ ਸਿੰਘ ਹੇਅਰ, ਜਥੇਦਾਰ ਮੱਖਣ ਸਿੰਘ, ਜਨਕ ਰਾਜ, ਰਕੇਸ਼ ਕੁਮਾਰ, ਬੀਬੀ ਸਰਬਜੀਤ ਕੌਰ ਐਡਵੋਕੇਟ, ਬੀਬੀ ਮਨਪ੍ਰੀਤ ਕੌਰ ਬਟਾਲਾ, ਕੰਵਲਪ੍ਰੀਤ ਕੌਰ ਖਤੀਬ, ਦਿਲਬਾਗ ਸਿੰਘ, ਬਲਕਾਰ ਸਿੰਘ ਸਰਪੰਚ, ਗੁਰਦੀਪ ਸਿੰਘ, ਜਸਵੀਰ ਸਿੰਘ ਬਟਾਲਾ, ਗੁਰਵਿੰਦਰ ਸਿੰਘ ਮੜੀਆਂਵਾਲ, ਸੁਖਰਾਜ ਮਸੀਹ ਆਦਿ ਸ਼ਾਮਿਲ ਹੋਏ |
ਬਟਾਲਾ ਵਿਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਵੱਡਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
30-03-2026