ਗੁਣਾਚੌਰ, 29 ਅਪ੍ਰੈਲ (ਅਮਰੀਕ ਕਟਾਰੀਆ)-ਨਿਊਜ਼ੀਲੈਂਡ ਦੇਸ਼ 'ਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਲੈ ਲਈ, ਜਿਨਾਂ 'ਚ ਇਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਗੁਣਾਚੌਰ ਦਾ ਨੌਜਵਾਨ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਛੁੱਟੀਆਂ ਕਰਕੇ ਮਨਜਿੰਦਰ ਸਿੰਘ (38) ਆਪਣੇ ਦੋ ਹੋਰ ਸਾਥੀ ਨੌਜਵਾਨਾਂ ਨਾਲ ਕਾਰ ਵਿਚ ਸਵਾਰ ਹੋ ਕੇ ਰਾਤ 12 ਵਜੇ ਦੇ ਕਰੀਬ ਇੱਕ ਦੋਸਤ ਨੂੰ ਮਿਲਣ ਉਪਰੰਤ ਵਲਿੰਗਟਨ ਤੋਂ ਟੌਰੰਗਾ ਵਾਪਸ ਘਰ ਜਾ ਰਹੇ ਸਨ ਕਿ ਸਟੇਟ ਹਾਈਵੇ ਨੰਬਰ-1 'ਤੇ ਸਥਿਤ ਡੈਜ਼ਰਟ ਰੋਡ ਰੰਗੀਪੋ ਤੇ ਵਾਈਓਰੂ ਦੇ ਵਿਚਕਾਰ ਉਨ੍ਹਾਂ ਦੀ ਕਾਰ ਦੀ ਤੇਲ ਦੇ ਟੈਂਕਰ ਨਾਲ ਜਬਰਦਸਤ ਟੱਕਰ ਹੋ ਗਈ, ਜਿਸ ਉਪਰੰਤ ਇਨ੍ਹਾਂ ਤਿੰਨੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕਾਂ ਦੀ ਪਹਿਚਾਣ ਮਨਜਿੰਦਰ ਸਿੰਘ ਵਾਸੀ ਗੁਣਾਚੌਰ ਤੋਂ ਇਲਾਵਾ ਪੰਜਾਬੀ ਮੂਲ ਨਾਲ ਸੰਬੰਧਿਤ ਉੱਤਰਾਖੰਡ ਵਾਸੀ ਵਰਿੰਦਰਪਾਲ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ ਤੇ ਇਹ ਦੋਵੇਂ ਆਪਸ ਵਿਚ ਰਿਸ਼ਤੇਦਾਰ ਸਨ | ਦੱਸਿਆ ਜਾ ਰਿਹਾ ਹੈ ਕਿ ਗੁਣਾਚੌਰ ਨਿਵਾਸੀ ਮਨਜਿੰਦਰ ਸਿੰਘ ਦੀ ਪਤਨੀ ਆਪਣੇ ਦੋ ਛੋਟੇ-ਛੋਟੇ ਬੱਚਿਆਂ ਸਮੇਤ ਵਰਕ ਪਰਮਿਟ 'ਤੇ ਅਜੇ 6 ਮਹੀਨੇ ਪਹਿਲਾਂ ਆਪਣੇ ਪਿੰਡ ਗੁਣਾਚੌਰ ਤੋਂ ਨਿਊਜ਼ੀਲੈਂਡ ਗਈ ਸੀ |
ਨਿਊਜ਼ੀਲੈਂਡ ਸੜਕ ਹਾਦਸੇ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ <br/>
ਅਜੀਤ ਡੈਸਕ
30-04-2026