ਮਾਨਾਂਵਾਲਾ, 29 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜ਼ਿਲੇ੍ਹ ਦੇ ਪਿੰਡ ਮਾਨਾਂਵਾਲਾ ਵਿਖੇ ਚੱਲ ਰਹੇ ਇਕ ਨਸ਼ਾ ਛੁਡਾਊ ਕੇਂਦਰ ਵਿਚ ਬੀਤੀ ਦੇਰ ਰਾਤ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਸੰਨੀ ਸ਼ਰਮਾ (38 ਸਾਲ) ਦੇ ਪੀੜਤ ਪਰਿਵਾਰ ਸੰਨੀ ਸ਼ਰਮਾ ਦਾ ਕਥਿਤ ਕਤਲ ਕੀਤੇ ਜਾਣ ਦਾ ਦੋਸ਼ ਲਾਉਂਦਿਆ ਇਨਸਾਫ ਨਾ ਮਿਲਣ ਤੱਕ ਮਿ੍ਤਕ ਦੀ ਲਾਸ਼ ਨੂੰ ਨਸ਼ਾ ਛੁਡਾਊ ਕੇਂਦਰ ਵਿਚੋਂ ਨਾ ਲਿਜਾਏ ਜਾਣ ਲਈ ਬਜਿੱਦ ਹੈ | ਮਿ੍ਤਕ ਸੰਨੀ ਸ਼ਰਮਾ ਦੇ ਰਿਸ਼ਤੇਦਾਰ ਭਾਈ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਅੱਜ ਤੜਕੇ ਫੋਨ ਆਇਆ ਕਿ ਤੁਹਾਡੇ ਰਿਸ਼ਤੇਦਾਰ ਦਾ ਉਸਦੇ ਕਮਰੇ ਵਿਚ ਨਾਲ ਰਹਿੰਦੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ | ਇਸ ਮੌਕੇ ਜੀਵਨ ਜਾਗ੍ਰਤੀ ਨਸ਼ਾ ਛੁਡਾਉਣ ਕੇਂਦਰ, ਮਾਨਾਂਵਾਲਾ ਦੇ ਮਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਸੰਨੀ ਸ਼ਰਮਾ ਪੁੱਤਰ ਪ੍ਰੇਮ ਪ੍ਰਕਾਸ਼ ਦੇ ਨਾਲ ਹੀ ਰਹਿੰਦੇ ਸੁਖਵੰਤ ਸਿੰਘ ਪੱੁਤਰ ਬਾਵਾ ਸਿੰਘ ਵਾਸੀ ਕਪੂਰਥਲਾ ਨੇ ਬੀਤੀ ਰਾਤ ਕਥਿਤ ਸੰਨੀ ਸ਼ਰਮਾ ਨੂੰ ਨਿਸ਼ਾਨਾ ਬਣਾਉਂਦਿਆਂ ਗਲਾ ਘੁੱਟ ਕੇ ਮਾਰ ਦਿੱਤਾ | ਇਸ ਮੌਕੇ ਪਹੁੰਚੇ ਥਾਣਾ ਚਾਟੀਵਿੰਡ ਅਧੀਨ ਪੁਲਿਸ ਚੌਂਕੀ ਦੋਬੁਰਜੀ ਦੇ ਇੰਚਾਰਜ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸੰਬੰਧੀ ਜਾਂਚ ਆਰੰਭ ਕਰ ਦਿੱਤੀ ਗਈ ਹੈ |
ਮਾਨਾਂਵਾਲਾ ਦੇ ਨਸ਼ਾ ਛੁਡਾਊ ਸੈਂਟਰ ਵਿਚ ਨੌਜਵਾਨ ਦਾ ਕਤਲ
ਅਜੀਤ ਡੈਸਕ
30-04-2026