ਮੰਡੀ ਗੋਬਿੰਦਗੜ੍ਹ, 29 ਅਪ੍ਰੈਲ (ਮੋਹਿਤ ਸਿੰਗਲਾ)-ਦੇਸ਼ ਦੀ ਰੱਖਿਆ ਤਿਆਰੀਆਂ ਨੂੰ ਨਵੇਂ ਪੱਧਰ 'ਤੇ ਲੈ ਜਾਣ ਲਈ ਕੇਂਦਰ ਸਰਕਾਰ ਰਾਸ਼ਟਰੀ ਰਾਜਮਾਰਗਾਂ ਨੂੰ ਰਣਨੀਤਿਕ ਤੌਰ 'ਤੇ ਅਪਗ੍ਰੇਡ ਕਰਨ ਜਾ ਰਹੀ ਹੈ | ਇਸ ਯੋਜਨਾ ਅਧੀਨ 3500 ਕਰੋੜ ਰੁਪਏ ਦੇ ਬਜਟ ਨਾਲ 25 ਨਵੀਆਂ ਐਮਰਜੈਂਸੀ ਲੈਂਡਿੰਗ ਸਟਰਿਪਾਂ ਤਿਆਰ ਕੀਤੀਆਂ ਜਾਣਗੀਆਂ, ਜਿਸ ਨਾਲ ਹਾਈਵੇ ਸਿਰਫ ਆਵਾਜਾਈ ਦਾ ਸਾਧਨ ਨਹੀਂ ਰਹਿਣਗੇ, ਸਗੋਂ ਲੋੜ ਪੈਣ 'ਤੇ ਹਵਾਈ ਕਾਰਵਾਈ ਲਈ ਵੀ ਵਰਤੇ ਜਾ ਸਕਣਗੇ | ਇਸ ਪਹਿਲ ਦਾ ਮੁੱਖ ਮਕਸਦ ਯੁੱਧ ਜਾਂ ਸੰਕਟ ਦੀ ਸਥਿਤੀ ਵਿੱਚ ਹਵਾਈ ਸੈਨਾ ਨੂੰ ਵਿਕਲਪ ਰਨਵੇ ਪ੍ਰਦਾਨ ਕਰਨਾ ਹੈ | ਜੇ ਦੁਸ਼ਮਣ ਮੁੱਖ ਏਅਰਬੇਸ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਭਾਰਤੀ ਹਵਾਈ ਸੈਨਾ ਆਪਣੇ ਆਪਰੇਸ਼ਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖ ਸਕੇਗੀ | ਇਨ੍ਹਾਂ ਹਾਈਵੇ ਸਟਰਿਪਾਂ 'ਤੇ ਰਾਫੇਲ ਅਤੇ ਸੁਖੋਈ ਵਰਗੇ ਆਧੁਨਿਕ ਲੜਾਕੂ ਜਹਾਜ਼ ਟੇਕਆਫ ਅਤੇ ਲੈਂਡਿੰਗ ਕਰ ਸਕਣਗੇ | ਇਸ ਪ੍ਰਾਜੈਕਟ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਪਹਿਲੀ ਵਾਰ ਸੜਕਾਂ ਨੂੰ ਡਰੋਨ ਆਪਰੇਸ਼ਨਾਂ ਦੇ ਅਨੁਕੂਲ ਵੀ ਤਿਆਰ ਕੀਤਾ ਜਾ ਰਿਹਾ ਹੈ | ਐਮਰਜੈਂਸੀ ਸਟਰਿਪਾਂ ਦੇ ਨੇੜੇ ਡਰੋਨ ਨਾਲ ਸੰਬੰਧਿਤ ਉਪਕਰਣਾਂ ਅਤੇ ਪੁਰਜਿਆਂ ਦੀ ਉਤਪਾਦਨ ਯੋਜਨਾ ਵੀ ਸ਼ਾਮਿਲ ਹੈ, ਜੋ ਭਵਿੱਖ ਦੀ ਯੁੱਧ ਰਣਨੀਤੀ ਵਿਚ ਅਹਿਮ ਭੂਮਿਕਾ ਨਿਭਾਏਗੀ ਅਤੇ ਇਹ ਨੈੱਟਵਰਕ ਦੇਸ਼ ਦੇ ਸੰਵੇਦਨਸ਼ੀਲ ਅਤੇ ਰਣਨੀਤਿਕ ਖੇਤਰਾਂ ਨੂੰ ਕਵਰ ਕਰੇਗਾ ਜਿਸ ਵਿਚ ਜੰਮੂ-ਕਸ਼ਮੀਰ, ਪੰਜਾਬ, ਉੱਤਰਾਖੰਡ, ਪੂਰਬ -ਉੱਤਰ, ਗੁਜਰਾਤ ਤੇ ਦੱਖਣੀ ਭਾਰਤ ਦੇ ਹਿੱਸੇ ਸ਼ਾਮਿਲ ਹਨ | ਇਸ ਦਾ ਮਕਸਦ 'ਹਰ ਦਿਸ਼ਾ ਵਿਚ ਤਿਆਰ' ਸੁਰੱਖਿਆ ਢਾਂਚਾ ਖੜਾ ਕਰਨਾ ਹੈ | ਦੇਸ਼ ਵਿਚ ਇਸ ਤਰ੍ਹਾਂ ਦੀ ਪਹਿਲ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ | ਬਾੜਮੇਰ ਸਥਿਤ ਐਨਐਚ-925ਏ 'ਤੇ ਪਹਿਲੀ ਐਮਰਜੈਂਸੀ ਏਅਰ ਸਟਰਿਪ ਬਣਾਈ ਗਈ ਸੀ, ਜਦਕਿ ਪੂਰਵਾਂਚਲ ਐਕਸਪ੍ਰੈਸਵੇ ਅਤੇ ਗੰਗਾ ਐਕਸਪ੍ਰੈਸਵੇ 'ਤੇ ਵੀ ਲੜਾਕੂ ਜਹਾਜ਼ਾਂ ਦੀ ਸਫਲ ਲੈਂਡਿੰਗ ਹੋ ਚੁੱਕੀ ਹੈ |