ਦੁਬਈ, 30 ਅਪ੍ਰੈਲ (ਏਜੰਸੀ)-ਈਰਾਨ ਦੇ ਸੁਪਰੀਮ ਨੇਤਾ ਨੇ ਵੀਰਵਾਰ ਨੂੰ ਕਿਹਾ ਕਿ ਇਸਲਾਮਿਕ ਗਣਰਾਜ ਆਪਣੀਆਂ ਪ੍ਰਮਾਣੂ ਅਤੇ ਮਿਜ਼ਾਈਲ ਸਮਰੱਥਾਵਾਂ ਨੂੰ ਇਕ ਰਾਸ਼ਟਰੀ ਸੰਪਤੀ ਦੇ ਰੂਪ 'ਚ ਸੁਰੱਖਿਅਤ ਰੱਖੇਗਾ | ਅਜਿਹਾ ਕਰਕੇ ਉਹ ਸ਼ਾਇਦ ਸਖ਼ਤ ਰੁਖ ਅਪਣਾਉਣਾ ਚਾਹੁੰਦੇ ਹਨ, ਠੀਕ ਉਸ ਸਮੇਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੁੱਧ 'ਚ ਚੱਲ ਰਹੀ ਅਸਥਿਰ ਜੰਗਬੰਦੀ ਨੂੰ ਪੱਕਾ ਕਰਨ ਲਈ ਇਕ ਵਿਆਪਕ ਸਮਝੌਤੇ ਦੀ ਭਾਲ 'ਚ ਹਨ | ਅਯਾਤੁੱਲਾ ਮੋਜ਼ਤਬਾ ਖਾਮੇਨੇਈ ਨੇ ਇਕ ਲਿਖਤੀ ਬਿਆਨ 'ਚ ਗੱਲ ਕੀਤੀ, ਜਿਸ ਨੂੰ ਇਕ ਸਰਕਾਰੀ ਟੈਲੀਵਿਜ਼ਨ ਐਂਕਰ ਨੇ ਪੜ੍ਹ ਕੇ ਸੁਣਾਇਆ, ਜਿਵੇਂ ਕਿ ਉਹ ਈਰਾਨ ਦੇ ਸਰਬ ਉੱਚ ਨੇਤਾ ਦਾ ਅਹੁਦਾ ਸੰਭਾਲਣ ਦੇ ਬਾਅਦ ਤੋਂ ਕਰਦੇ ਆ ਰਹੇ ਹਨ | ਉਨ੍ਹਾਂ ਨੇ ਇਕ ਚੁਣੌਤੀ ਭਰਿਆ ਲਹਿਜ਼ਾ ਅਪਣਾਉਂਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਫਾਰਸ ਦੀ ਖਾੜੀ 'ਚ ਅਮਰੀਕੀਆਂ ਦੀ ਇਕੋ ਜਗ੍ਹਾ ਇਸ ਦੇ ਪਾਣੀ ਦੀਆਂ ਡੂੰਘਾਈਆਂ 'ਚ ਹੈ ਤੇ ਇਸ ਖੇਤਰ ਦੇ ਇਤਿਹਾਸ 'ਚ ਇਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ | ਹਾਲਾਂਕਿ ਉਨ੍ਹਾਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਜਦੋਂ ਈਰਾਨ ਦਾ ਤੇਲ ਉਦਯੋਗ ਅਮਰੀਕੀ ਜਲ ਸੈਨਾ ਦੀ ਨਾਕੇਬੰਦੀ ਕਾਰਨ ਦਬਾਅ 'ਚ ਆ ਗਿਆ ਹੈ, ਜਿਸ ਨੇ ਉਸ ਦੇ ਤੇਲ ਟੈਂਕਰਾਂ ਨੂੰ ਸਮੁੰਦਰ 'ਚ ਜਾਣੋਂ ਰੋਕ ਦਿੱਤਾ ਹੈ | ਖਾਮੇਨੇਈ ਨੇ ਬਿਆਨ 'ਚ ਕਿਹਾ ਕਿ ਈਸ਼ਵਰ ਦੀ ਮਦਦ ਅਤੇ ਸ਼ਕਤੀ ਨਾਲ ਫਾਰਸ ਦੀ ਖਾੜੀ ਖੇਤਰ ਦਾ ਉੱਜਲ ਭਵਿੱਖ ਅਮਰੀਕਾ ਮੁਕਤ ਹੋਏਗਾ, ਇਕ ਅਜਿਹਾ ਭਵਿੱਖ ਜੋ ਇਥੋਂ ਦੇ ਲੋਕਾਂ ਦੀ ਪ੍ਰਗਤੀ, ਸੁੱਖ ਅਤੇ ਖੁਸ਼ਹਾਲੀ ਨੂੰ ਸਮਰਪਿਤ ਹੋਵੇਗਾ |