13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਜਪਾ ਨੇ ਈ.ਡੀ. ਤੇ ਸੀ.ਬੀ.ਆਈ. ਦਾ ਡਰ ਦਿਖਾ ਕੇ ਰਾਜ ਸਭਾ ਮੈਂਬਰਾਂ ਨੂੰ ਕੀਤਾ ਪਾਰਟੀ 'ਚ ਸ਼ਾਮਿਲ-ਦੀਪਕ ਬਾਲੀ <br/>

ਅਜੀਤ ਡੈਸਕ 02-05-2026
ਜਲੰਧਰ, 1 ਮਈ : ਭਾਰਤੀ ਜਨਤਾ ਪਾਰਟੀ ਨੇ 'ਆਪ' ਦੇ ਰਾਜ ਸਭਾ ਮੈਂਬਰਾਂ ਨੂੰ ਈ.ਡੀ. ਤੇ ਸੀ.ਬੀ.ਆਈ. ਦਾ ਡਰਾ ਦਿਖਾ ਕੇ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਹੈ | ਇਹ ਸਾਰੇ ਡਰਪੋਕ ਕਿਸਮ ਦੇ ਕਾਰੋਬਾਰੀ ਸਨ, ਜਿਨ੍ਹਾਂ ਦੀਆਂ ਖਾਮੀਆਂ ਲੱਭ ਕੇ ਕੇਂਦਰ ਸਰਕਾਰ ਨੇ ਉਸ ਦੇ ਪੱਖ 'ਚ ਜਾਣ ਲਈ ਮਜਬੂਰ ਕਰ ਲਿਆ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਈ.ਡੀ. ਤੇ ਸੀ.ਬੀ.ਆਈ. ਨੂੰ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਡਰਾਉਣ-ਧਮਕਾਉਣ ਦਾ ਹੱਥਕੰਡਾ ਵਰਤ ਰਹੀ ਹੈ, ਜੋਕਿ ਸਰਾਸਰ ਸਿਆਸੀ ਗੁੰਡਾਗਰਦੀ ਹੈ | ਇਸ ਨਾਲ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਵੱਡੀ ਸੱਟ ਵੱਜ ਰਹੀ ਹੈ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰਾਘਵਾ ਚੱਢਾ ਤੇ ਸੰਦੀਪ ਪਾਠਕ ਜੋ ਕਿ ਪਾਰਟੀ ਦੇ ਅਹਿਮ ਆਗੂ ਸਨ, ਦੇ ਨਾਲ ਹੀ ਦੂਜੇ ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਜਾਣ ਨਾਲ ਪਾਰਟੀ ਨੂੰ ਕੀ ਫਰਕ ਪਿਆ ਹੈ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਆਮ ਆਦਮੀ ਪਾਰਟੀ ਨੇ ਅਹਿਮ ਅਹੁਦਿਆਂ 'ਤੇ ਰੱਖਿਆ ਤੇ ਉਨ੍ਹਾਂ ਦੀ ਹਰੇਕ ਗੱਲ ਮੰਨੀ ਪਰ ਜਦੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਸਰਕਾਰ ਨੇ ਜੇਲ੍ਹ 'ਚ ਡੱਕ ਦਿੱਤਾ ਤਾਂ ਦੋਵੇਂ ਆਗੂ ਚੁੱਪ ਵੱਟ ਕੇ ਪਿੱਛੇ ਹਟ ਗਏ ਸਨ | ਉਨ੍ਹਾਂ ਨੂੰ ਸਿਰਫ ਵੱਡੇ ਅਹੁਦਿਆਂ ਦੀ ਭੁੱਖ ਸੀ ਕਿਉਂਕਿ ਜਦੋਂ ਰਾਘਵ ਚੱਢਾ ਨੂੰ ਰਾਜ ਸਭਾ 'ਚ ਡਿਪਟੀ ਲੀਡਰ ਅਤੇ ਸੰਦੀਪ ਪਾਠਕ ਨੂੰ ਪੰਜਾਬ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਇਆ ਤਾਂ ਉਨ੍ਹਾਂ ਨੇ ਛੋਟੇ ਅਹੁਦਿਆਂ 'ਤੇ ਕੰਮ ਕਰਨ 'ਚ ਸ਼ਰਮ ਮਹਿਸੂਸ ਕੀਤੀ | ਇਹੀ ਕਾਰਨ ਸੀ ਕਿ ਇਹ ਦੋਵੇਂ ਲੀਡਰ ਪਾਰਟੀ ਨਾਲ ਧੋਖਾ ਕਰਕੇ ਭਾਜਪਾ 'ਚ ਸ਼ਾਮਲ ਹੋ ਗਏ | ਬਾਕੀ ਰਾਜ ਸਭਾ ਮੈਂਬਰਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਤਾਂ ਕਾਰੋਬਾਰੀ ਲੋਕ ਸਨ, ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ 'ਚ ਪਾਏ ਵਧੀਆ ਯੋਗਦਾਨ ਲਈ ਪਾਰਟੀ ਨੇ ਪੰਜਾਬ ਦੇ ਹਿੱਤ 'ਚ ਵਰਤਣ ਲਈ ਰਾਜ ਸਭਾ ਮੈਂਬਰ ਚੁਣ ਕੇ ਭੇਜਿਆ ਸੀ ਪਰ ਉਨ੍ਹਾਂ 'ਚ 'ਰੀੜ੍ਹ ਦੀ ਹੱਡੀ' ਨਾ ਹੋਣ ਕਰਕੇ ਉਹ ਭਾਜਪਾ ਦੀਆਂ ਧਮਕੀਆਂ ਤੋਂ ਡਰ ਗਏ | ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਕਾਰੋਬਾਰਾਂ 'ਚ ਕੋਈ ਘਪਲੇ ਕੀਤੇ ਹੋਣ, ਜਿਸ ਕਾਰਨ ਉਹ ਡਰ ਕੇ ਭਾਜਪਾ 'ਚ ਚਲੇ ਗਏ | ਦੀਪਕ ਬਾਲੀ ਨੇ ਕਿਹਾ ਕਿ ਜਲੰਧਰ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਹਰਭਜਨ ਸਿੰਘ ਭੱਜੀ ਨੇ ਪੰਜਾਬ ਤੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ ਕਿਉਂਕਿ ਹਰਭਜਨ ਸਿੰਘ ਪੰਜਾਬ ਤੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਸ਼ੋਕ ਮਿੱਤਲ ਇਕ ਚੰਗੇ ਸਿੱਖਿਆ ਸ਼ਾਸਤਰੀ ਸਮਝੇ ਜਾਂਦੇ ਹਨ | 'ਆਪ' ਆਗੂ ਨੇ ਕਿਹਾ ਕਿ ਇਨ੍ਹਾਂ ਸਾਰੇ ਰਾਜ ਸਭਾ ਮੈਂਬਰਾਂ ਦੇ ਨਾਲ ਜਾਣ ਆਮ ਆਦਮੀ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਇਨ੍ਹਾਂ ਦਾ ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਕੋਈ ਆਧਾਰ ਨਹੀਂ ਸੀ | 'ਆਪ' ਦੇ 20 ਤੋਂ ਵੱਧ ਵਿਧਾਇਕਾਂ ਦੇ ਭਾਜਪਾ ਦੇ ਸੰਪਰਕ 'ਚ ਹੋਣ ਬਾਰੇ ਪੁੱਛੇ ਜਾਣ 'ਤੇ ਦੀਪਕ ਬਾਲੀ ਨੇ ਕਿਹਾ ਕਿ ਇਹ ਸਭ ਝੂਠ ਦਾ ਪੁਲੰਦਾ ਹੈ, ਪੰਜਾਬੀਆਂ ਵਲੋਂ ਚੁਣੇ ਗਏ ਇਹ ਪੰਜਾਬੀ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਵਚਨਵੱਧ ਹਨ |
ਪਹਿਲਾਂ ਦਿੱਤੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਤੇ ਹੋਰ ਨਵੀਆਂ ਦੇਵਾਂਗੇ
2027 ਦੀਆਂ ਚੋਣਾਂ ਬਾਰੇ ਪਾਰਟੀ ਦੀ ਰਣਨੀਤੀ ਬਾਰੇ ਪੁੱਛੇ ਜਾਣ 'ਤੇ ਦੀਪਕ ਬਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਕੀਤੀਆਂ ਹਨ | ਅਗਲੀਆਂ ਚੋਣਾਂ ਦੌਰਾਨ ਪੰਜਾਬ ਦੀ ਬਿਹਤਰੀ ਲਈ ਹੋਰ ਨਵੀਆਂ ਗਾਰੰਟੀਆਂ ਦੇਵਾਂਗੇ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਹਨ ਜਦੋਂਕਿ ਪਿਛਲੇ ਸਮੇਂ ਦੌਰਾਨ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ | ਚੋਣ ਲੜਨ ਬਾਰੇ ਪੁੱਛੇ ਜਾਣ 'ਤੇ ਦੀਪਕ ਬਾਲੀ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਰਾਂ ਕਰਨਾ ਹੈ, ਜੋ ਆਦੇਸ਼ ਹੋਵੇਗਾ, ਉਸ ਦੀ ਪਾਲਣਾ ਕਰਾਂਗਾ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ ਦੀ ਸੁਰੱਖਿਆ 'ਚ ਤਾਇਨਾਤ ਖੋਜੀ ਕੁੱਤੇ 'ਮੈਕਸ' ਦੀ ਅਨੋਖੇ ਤਰੀਕੇ ਨਾਲ ਵਿਦਾਇਗੀ ਫੁੱਲਾਂ ਨਾਲ ਸਜ... ਅਗਲੀ ਖ਼ਬਰ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਵਿਧਾਇਕਾਂ ਵਲੋਂ ਸਪੀਕਰ ਨੂੰ ਮੰਗ ਪੱਤਰ ਮੁੱਖ ਮੰਤਰੀ, ਮੰਤਰੀ ਤੇ ਸਾਰੇ ਵਿਧਾਇਕਾਂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।