3 ਸਾਲਾਂ ਦਾ ਪਰਖ ਕਾਲ ਸਮਾਂ ਪੂਰਾ ਹੋਣ ਉਪਰੰਤ ਸੇਵਾਵਾਂ ਖ਼ਤਮ ਕਰਨ ਸੰਬੰਧੀ ਨੋਟਿਸ ਜਾਰੀ
ਮਾਨਸਾ, 10 ਮਈ (ਰਾਵਿੰਦਰ ਸਿੰਘ ਰਵੀ)-ਪੰਜਾਬ ਸਰਕਾਰ ਵਲੋਂ ਤਿੰਨ ਸਾਲ ਪਹਿਲਾਂ ਭਰਤੀ ਕੀਤੇ ਗਏ 4161 ਅਧਿਆਪਕਾਂ 'ਚੋਂ 253 ਅਧਿਆਪਕਾਂ ਦੇ ਭਵਿੱਖ 'ਤੇ ਕਾਲੇ ਬੱਦਲ ਛਾ ਗਏ ਹਨ | ਸੂਬੇ ਦੇ ਵੱਖ-ਵੱਖ ਸਕੂਲਾਂ 'ਚ ਸੇਵਾਵਾਂ ਨਿਭਾਅ ਰਹੇ ਉਕਤ ਅਧਿਆਪਕਾਂ 'ਚੋਂ ਬਹੁਤਿਆਂ ਦਾ ਪਰਖ ਕਾਲ ਸਮਾਂ 8 ਮਈ ਨੂੰ ਪੂਰਾ ਹੋਣਾ ਸੀ ਪਰ 2 ਦਿਨ ਪਹਿਲਾਂ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵਲੋਂ 16 ਦਸੰਬਰ 2022 ਨੂੰ ਜਾਰੀ ਕੀਤੀ ਸਿਲੈੱਕਸ਼ਨ ਸੂਚੀ ਅਨੁਸਾਰ ਮੈਰਿਟ ਸੂਚੀ ਨੂੰ ਮੁੜ ਰੀ-ਕਾਸਟ ਕਰਨ ਕਰਕੇ ਪਛੜਨ ਵਾਲੇ ਉਮੀਦਵਾਰਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਭਾਵੇਂ ਪਿਛਲੀ ਕਾਂਗਰਸ ਸਰਕਾਰ ਵਲੋਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁਝ ਸਮਾਂ ਪਹਿਲਾਂ ਅਸਾਮੀਆਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਭਰਤੀ ਪ੍ਰਕਿਰਿਆ ਪੂਰੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ | ਦਿੱਲੀ ਦੀ ਕਿਸੇ ਕੰਪਨੀ ਵਲੋਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲੈਣ ਉਪਰੰਤ ਨਤੀਜੇ ਐਲਾਨ ਕੇ ਯੋਗ ਉਮੀਦਵਾਰਾਂ ਨੂੰ 8 ਮਈ 2023 ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ | ਐਲਾਨੇ ਨਤੀਜਿਆਂ 'ਚੋਂ ਕੁਝ ਪ੍ਰਸ਼ਨਾਂ ਦੇ ਉੱਤਰਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਮਾਨਯੋਗ ਉੱਚ ਅਦਾਲਤ 'ਚ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀਆਂ ਗਈਆਂ ਤੇ ਅਦਾਲਤ ਵਲੋਂ ਯੂਨੀਵਰਸਿਟੀ ਪੱਧਰ ਦੀ ਕਮੇਟੀ ਗਠਨ ਕਰਕੇ ਨਿਆਂ ਕਰਨ ਦੇ ਹੁਕਮ ਸੁਣਾਏ ਗਏ | ਮੈਰਿਟ ਸੂਚੀਆਂ ਨੂੰ ਦੁਬਾਰਾ ਸੋਧਣ ਉਪਰੰਤ ਇੱਕ ਵਾਰ ਭਾਵੇਂ 252 ਦੇ ਕਰੀਬ ਉਮੀਦਵਾਰ ਭਰਤੀ 'ਚੋਂ ਬਾਹਰ ਹੁੰਦੇ ਵਿਖਾਈ ਦਿੰਦੇ ਸਨ ਪਰ ਨਤੀਜਿਆਂ ਨੂੰ ਐਲਾਨਣ ਸਮੇਂ 200 ਦੇ ਨਾਂਅ ਨਵੀਆਂ ਸੂਚੀਆਂ 'ਚ ਸ਼ਾਮਿਲ ਹੋ ਗਏ ਤੇ 52 ਉਮੀਦਵਾਰ ਬਾਹਰ ਹੋ ਗਏ | ਇਨ੍ਹਾਂ ਉਮੀਦਵਾਰਾਂ ਵਲੋਂ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ | ਇਸੇ ਕਸ਼ਮਕਸ਼ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਅਦਾਲਤ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਹੁਣ ਫਿਰ ਤੋਂ ਪਹਿਲਾਂ ਵਾਲੀ ਸਿਲੈੱਕਸ਼ਨ ਸੂਚੀ ਨੂੰ ਜਾਰੀ ਕਰਨ ਕਰ ਕੇ ਸੇਵਾਵਾਂ ਨਿਭਾਅ ਰਹੇ 253 ਉਮੀਦਵਾਰਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ | ਨੌਕਰੀ ਤੋਂ ਬਾਹਰ ਹੋਣ ਵਾਲੇ ਅਧਿਆਪਕ ਨਰਿੰਦਰ ਕੌਰ, ਬਲਕਾਰ ਸਿੰਘ ਮੰਘਾਣੀਆ, ਲਵਪ੍ਰੀਤ ਸਿੰਘ ਬਠਿੰਡਾ, ਕਿ੍ਸ਼ਨ ਸ਼ਫੀਪੁਰ, ਰਣਜੀਤ ਕੋਟੜਾ ਤੇ ਪਰਮਿੰਦਰ ਸਿੰਘ ਤਰਨਤਾਰਨ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਅਧਿਕਾਰੀਆਂ ਦੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ | 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਬਰਨਾਲਾ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਕੇ ਨੌਕਰੀ ਤੋਂ ਬਾਹਰ ਹੋਏ ਉਮੀਦਵਾਰਾਂ ਨੂੰ ਬਹਾਲ ਕੀਤਾ ਜਾਵੇ |
4161 ਭਰਤੀ ਵਾਲਿਆਂ 'ਚੋਂ 253 ਅਧਿਆਪਕਾਂ ਦੇ ਭਵਿੱਖ 'ਤੇ ਕਾਲੇ ਬੱਦਲ ਛਾਏ
ਅਜੀਤ ਡੈਸਕ
11-05-2026