ਐੱਸ. ਏ. ਐੱਸ. ਨਗਰ, 17 ਮਈ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਬੰਧਿਤ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਹਲਕੇ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਮੁਹਾਲੀ ਦੇ ਥਾਣਾ ਮਟੌਰ ਵਿਖੇ ਇਕ ਨਾਬਾਲਿਗਾ ਲੜਕੀ ਨਾਲ ਕਥਿਤ ਛੇੜਛਾੜ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਮੁਲਜ਼ਮ ਨੂੰ ਲੁਧਿਆਣਾ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਮਾਮਲੇ ਦੀ ਤਫ਼ਤੀਸ਼ ਜਾਰੀ ਹੈ | ਪੁਲਿਸ ਨੂੰ ਦਿੱਤੀ ਦਰਖਾਸਤ 'ਚ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਵਾਸੀ ਪਿੰਡ ਬੀਰਮੀ ਲੁਧਿਆਣਾ ਨੇ ਦੱਸਿਆ ਕਿ ਉਸਦੀ ਸ਼ਾਦੀ ਸਾਲ 2009 'ਚ ਹੋਈ ਸੀ ਤੇ ਉਸ ਦੀਆਂ ਦੋ ਬੇਟੀਆਂ ਹਨ | ਉਸਨੇ ਦੋਸ਼ ਲਗਾਇਆ ਕਿ ਸਾਲ 2023 ਦੌਰਾਨ ਉਸਦੇ ਚਚੇਰੇ ਭਰਾ ਰਾਹੀਂ ਜਸਕਰਨਜੀਤ ਸਿੰਘ ਦਿਓਲ ਨਾਲ ਜਾਣ-ਪਛਾਣ ਹੋਈ, ਜਿਸ ਤੋਂ ਬਾਅਦ ਮੁਲਜ਼ਮ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਵੱਧ ਗਿਆ | ਸ਼ਿਕਾਇਤਕਰਤਾ ਮੁਤਾਬਕ ਬਾਅਦ 'ਚ ਮੁਲਜ਼ਮ ਦੇ ਉਸਦੀ ਪਤਨੀ ਨਾਲ ਕਥਿਤ ਨਾਜਾਇਜ਼ ਸੰਬੰਧ ਬਣ ਗਏ ਤੇ ਉਸਦੀ ਪਤਨੀ ਦੋਵਾਂ ਬੇਟੀਆਂ ਨੂੰ ਲੈ ਕੇ ਮੁਲਜ਼ਮ ਨਾਲ ਮੁਹਾਲੀ ਦੇ ਹੋਮਲੈਂਡ ਹਾਈਟਸ ਵਿਖੇ ਰਹਿਣ ਲੱਗ ਪਈ | ਦਰਖਾਸਤ 'ਚ ਦੋਸ਼ ਲਗਾਇਆ ਗਿਆ ਹੈ ਕਿ ਅਕਤੂਬਰ 2024 ਦੌਰਾਨ ਮੁਲਜ਼ਮ ਉਸਦੀ ਨਾਬਾਲਿਗ ਲੜਕੀ ਨੂੰ ਦੇਹਰਾਦੂਨ ਸਥਿਤ ਸਕੂਲ ਤੋਂ ਲੈ ਕੇ ਮੁਹਾਲੀ ਦੇ ਇਕ ਹੋਟਲ ਵਿਚ ਲੈ ਗਿਆ, ਜਿਥੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਸ਼ਿਕਾਇਤਕਰਤਾ ਅਨੁਸਾਰ ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਘਰ ਤੋਂ ਕੱਢ ਦੇਣ ਦੀ ਧਮਕੀ ਦਿੱਤੀ | ਦਰਖਾਸਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਮੁਲਜ਼ਮ ਵਲੋਂ ਵੱਖ-ਵੱਖ ਮੌਕਿਆਂ 'ਤੇ ਲੜਕੀ ਨਾਲ ਛੇੜਛਾੜ, ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ | ਸ਼ਿਕਾਇਤਕਰਤਾ ਨੇ ਦੱਸਿਆ ਕਿ 9 ਮਈ 2026 ਨੂੰ ਉਸਦੀ ਵੱਡੀ ਬੇਟੀ ਅਚਾਨਕ ਉਸਦੇ ਘਰ ਪੁੱਜੀ | ਉਸਦੇ ਚਿਹਰੇ ਅਤੇ ਸਰੀਰ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਉਸ ਨਾਲ ਕੁੱਟਮਾਰ ਹੋਈ ਹੈ | ਅਗਲੇ ਦਿਨ ਬੇਟੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਮੁਲਜ਼ਮ ਵਲੋਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਵਿਰੋਧ ਕਰਨ 'ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਲੜਕੀ ਨੇ ਇਹ ਵੀ ਦੱਸਿਆ ਕਿ ਉਸਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਥਾਣਾ ਮਟੌਰ ਪੁਲਿਸ ਵਲੋਂ ਸ਼ਿਕਾਇਤ ਤੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਬੀ. ਐਨ. ਐਸ. ਦੀਆਂ ਧਾਰਾਵਾਂ 64, 65 (1), 351 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ | ਥਾਣਾ ਮਟੌਰ ਦੇ ਐਸ. ਐਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਲੁਧਿਆਣਾ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੈਡੀਕਲ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਨਾਬਾਲਗਾ ਨਾਲ ਛੇੜਛਾੜ ਤੇ ਜ਼ਬਰਦਸਤੀ ਦੀ ਕੋਸ਼ਿਸ਼ ਦਾ ਕੇਸ ਦਰਜ
ਅਜੀਤ ਡੈਸਕ
18-05-2026