ਬਟਾਲਾ, 17 ਮਈ (ਸਤਿੰਦਰ ਸਿੰਘ)-ਗੁਰਦੁਆਰਾ ਸਚਖੰਡ ਬੋਰਡ ਨਾਦੇੜ ਸ੍ਰੀ ਹਜ਼ੂਰ ਸਾਹਿਬ ਵਲੋਂ ਇਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਨਾਂਦੇੜ ਸ਼ਹਿਰ ਵਿਖੇ ਸੁਸ਼ੋਭਿਤ 'ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ' ਸਮੁੱਚੀ ਦੁਨੀਆਂ ਵਿਚ ਸਿੱਖ ਕੌਮ ਦੇ ਅਹਿਮ ਅਤੇ ਪਵਿੱਤਰ ਅਸਥਾਨ ਵਜੋਂ ਜਾਣਿਆ ਜਾਂਦਾ ਹੈ | ਇਹ ਮਹਾਨ ਅਸਥਾਨ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ-ਛੋਹ ਪ੍ਰਾਪਤ ਪਾਵਨ ਧਰਤੀ ਹੈ, ਜਿਸ ਪ੍ਰਤੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਅਥਾਹ ਸ਼ਰਧਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਹ ਦੇਖਣ ਵਿਚ ਆ ਰਿਹਾ ਹੈ ਕਿ ਕੁਝ ਵਪਾਰਕ ਅਦਾਰੇ ਤੇ ਲੋਕ ਆਪਣੇ ਨਿੱਜੀ ਕੰਮਾਂ ਤੇ ਇਸ਼ਤਿਹਾਰਬਾਜ਼ੀ ਨੂੰ ਸੋਸ਼ਲ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਪ੍ਰਚਾਰਨ ਲਈ ਗੁਰਦੁਆਰਾ ਸਾਹਿਬ ਦੇ ਪਵਿੱਤਰ ਨਾਂਅ ਅਤੇ ਫੋਟੋਆਂ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਨਾਲ ਸਿੱਖਾਂ ਦੀ ਭਾਵਨਾ ਤੇ ਮੰਨ ਨੂੰ ਠੇਸ ਪਹੁੰਚਣਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸਮੂਹ ਅਦਾਰਿਆਂ ਤੇ ਲੋਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਜੋ ਆਪਣੇ ਕਾਰੋਬਾਰ ਜਾਂ ਇਸ਼ਤਿਹਾਰਾਂ ਲਈ ਤਖ਼ਤ ਸਾਹਿਬ ਦੇ ਨਾਂਅ ਜਾਂ ਤਸਵੀਰਾਂ ਦਾ ਇਸਤੇਮਾਲ ਕਰ ਰਹੇ ਹਨ, ਉਹ ਇਸ ਨੂੰ ਤੁਰੰਤ ਬੰਦ ਕਰਨ ਤੇ ਹਟਾ ਦੇਣ | ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਕੋਈ ਵੀ ਵਿਅਕਤੀ ਜਾਂ ਸੰਸਥਾ ਗੁਰਦੁਆਰਾ ਸਾਹਿਬ ਦੇ ਨਾਂਅ ਜਾਂ ਫੋਟੋ ਦੀ ਅਣਅਧਿਕਾਰਤ ਵਰਤੋਂ ਕਰਦਾ ਪਾਇਆ ਗਿਆ ਜਾਂ ਇਸ ਸਬੰਧੀ ਕੋਈ ਸ਼ਿਕਾਇਤ ਮਿਲੀ ਤਾਂ ਪ੍ਰਬੰਧਕੀ ਬੋਰਡ ਵਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਨਾਂਅ 'ਤੇ ਤਸਵੀਰਾਂ ਦੀ ਵਪਾਰਕ ਵਰਤੋਂ ਸੰਬੰਧੀ ਚਿਤਾਵਨੀ <br/>
ਅਜੀਤ ਡੈਸਕ
18-05-2026