ਚੰਡੀਗੜ੍ਹ, 17 ਮਈ (ਸੰਦੀਪ ਕੁਮਾਰ ਮਾਹਨਾ)ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਬਾਅਦ ਹੁਣ ਸੀ.ਐਨ.ਜੀ. ਵਰਤੋਂਕਾਰਾਂ ਨੂੰ ਵੀ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ | ਗੈਸ ਕੰਪਨੀਆਂ ਵਲੋਂ ਸੀ.ਐਨ.ਜੀ. ਦੀਆਂ ਕੀਮਤਾਂ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ | ਪ੍ਰਮੁੱਖ ਗੈਸ ਸਪਲਾਈ ਕੰਪਨੀ ਥਿੰਕ ਗੈਸ ਵਲੋਂ ਸੀ.ਐਨ.ਜੀ. ਦੀ ਕੀਮਤ 'ਚ 2 ਰੁਪਏ ਪ੍ਰਤੀ ਕਿੱਲੋਗਰਾਮ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਸੀ.ਐਨ.ਜੀ 88.75 ਰੁਪਏ ਪ੍ਰਤੀ ਕਿੱਲੋਗਰਾਮ ਦੇ ਹਿਸਾਬ ਨਾਲ ਮਿਲ ਰਹੀ ਹੈ | ਪਹਿਲਾਂ ਇਹ ਦਰ 86.75 ਰੁਪਏ ਪ੍ਰਤੀ ਕਿੱਲੋਗਰਾਮ ਸੀ | ਨਵੀਆਂ ਦਰਾਂ ਸਨਿਚਰਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ ਤੇ ਸਾਰੇ ਥਿੰਕ ਗੈਸ ਸਟੇਸ਼ਨਾਂ 'ਤੇ ਇਸੇ ਮੁਤਾਬਕ ਰਿਫਿਲਿੰਗ ਕੀਤੀ ਜਾ ਰਹੀ ਹੈ | ਕੀਮਤਾਂ ਵਿਚ ਵਾਧੇ ਨਾਲ ਰੋਜ਼ਾਨਾ ਸੀ.ਐਨ.ਜੀ ਦੀ ਵਰਤੋਂ ਕਰਨ ਵਾਲੇ ਹਜ਼ਾਰਾਂ ਵਾਹਨ ਚਾਲਕਾਂ ਦੇ ਮਹੀਨਾਵਾਰ ਖਰਚ ਵਿਚ ਵੀ ਵਾਧਾ ਹੋਵੇਗਾ | ਪਿਛਲੇ ਕੁਝ ਸਾਲਾਂ ਦੌਰਾਨ ਵਾਤਾਵਰਨ ਪ੍ਰਦੂਸ਼ਣ ਨੂੰ ਘਟਾਉਣ ਲਈ ਸੀ.ਐਨ.ਜੀ. ਵਾਹਨਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ | ਸਰਕਾਰ ਵਲੋਂ ਵੀ ਲੋਕਾਂ ਨੂੰ ਸੀ.ਐਨ.ਜੀ. ਵਾਹਨ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ, ਪਰ ਹੁਣ ਲਗਾਤਾਰ ਵਧਦੀਆਂ ਦਰਾਂ ਕਾਰਨ ਲੋਕਾਂ ਵਿਚ ਨਿਰਾਸ਼ਾ ਵੇਖੀ ਜਾ ਰਹੀ ਹੈ | ਉੱਧਰ, ਦੇਸ਼ ਦੇ ਹੋਰ ਕਈ ਹਿੱਸਿਆਂ ਵਿਚ ਵੀ ਸੀ.ਐਨ.ਜੀ. ਦੀਆਂ ਕੀਮਤਾਂ 'ਚ 3 ਰੁਪਏ ਪ੍ਰਤੀ ਕਿੱਲੋਗਰਾਮ ਤੱਕ ਵਾਧਾ ਦਰਜ ਕੀਤਾ ਗਿਆ ਹੈ | ਵਾਹਨ ਚਾਲਕਾਂ ਤੇ ਆਮ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੀ.ਐਨ.ਜੀ. ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਤੁਰੰਤ ਕਦਮ ਚੁੱਕੇ ਜਾਣ |
ਪੈਟਰੋਲ ਤੇ ਡੀਜ਼ਲ ਮਗਰੋਂ ਸੀ.ਐਨ.ਜੀ. ਵੀ ਹੋਈ ਮਹਿੰਗੀ <br/>
ਅਜੀਤ ਡੈਸਕ
18-05-2026