ਪਟਿਆਲਾ, 17 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦੇ ਪਿੰਡਾਂ ਦੀ ਪਛਾਣ ਮੰਨੀਆਂ ਜਾਂਦੀਆਂ ਲੋਕ ਖੇਡਾਂ ਹੁਣ ਹੌਲੀ-ਹੌਲੀ ਇਤਿਹਾਸ ਬਣਦੀਆਂ ਜਾ ਰਹੀਆਂ ਹਨ | ਇਕ ਸਮਾਂ ਸੀ ਜਦੋਂ ਪਿੱਠੂ, ਗੁੱਲੀ-ਡੰਡਾ, ਕੋਟਲਾ-ਛਪਾਕੀ ਅਤੇ ਰੱਸਾਕਸ਼ੀ ਨਾਲ ਗਲੀਆਂ ਤੇ ਮੈਦਾਨ ਗੂੰਜਦੇ ਸਨ ਪਰ ਹੁਣ ਮੋਬਾਈਲ ਫੋਨਾਂ ਅਤੇ ਆਨਲਾਈਨ ਖੇਡਾਂ ਨੇ ਬੱਚਿਆਂ ਨੂੰ ਮੈਦਾਨਾਂ ਤੋਂ ਦੂਰ ਕਰ ਦਿੱਤਾ ਹੈ | ਹਾਲਾਤ ਇਹ ਹਨ ਕਿ ਨਵੀਂ ਪੀੜ੍ਹੀ ਦੇ ਬਹੁਤ ਸਾਰੇ ਬੱਚੇ ਇਨ੍ਹਾਂ ਖੇਡਾਂ ਦੇ ਨਾਂਅ ਤੱਕ ਨਹੀਂ ਜਾਣਦੇ | ਖੇਡ ਅਤੇ ਸਭਿਆਚਾਰ ਮਾਹਿਰਾਂ ਅਨੁਸਾਰ ਪਿਛਲੇ ਕੁੱਝ ਸਾਲਾਂ ਦੌਰਾਨ ਬੱਚਿਆਂ ਦੀ ਸਕਰੀਨ ਟਾਈਮ ਵਿਚ ਬੇਹੱਦ ਵਾਧਾ ਹੋਇਆ ਹੈ | ਵੱਖ-ਵੱਖ ਸਰਵੇਖਣਾਂ ਮੁਤਾਬਿਕ ਬੱਚੇ ਰੋਜ਼ਾਨਾ ਕਈ ਘੰਟੇ ਮੋਬਾਈਲ ਅਤੇ ਵੀਡੀਓ ਗੇਮਾਂ 'ਤੇ ਬਿਤਾ ਰਹੇ ਹਨ, ਜਿਸ ਕਾਰਨ ਮੈਦਾਨੀ ਖੇਡਾਂ ਪ੍ਰਤੀ ਰੁਝਾਨ ਲਗਾਤਾਰ ਘੱਟ ਰਿਹਾ ਹੈ | ਪਹਿਲਾਂ ਪਿੰਡਾਂ ਵਿਚ ਸ਼ਾਮ ਸਮੇਂ ਮੈਦਾਨ ਬੱਚਿਆਂ ਨਾਲ ਭਰੇ ਰਹਿੰਦੇ ਸਨ ਪਰ ਹੁਣ ਕਈ ਥਾਵਾਂ 'ਤੇ ਮੈਦਾਨ ਸੁੰਨੇ ਨਜ਼ਰ ਆਉਂਦੇ ਹਨ | ਮਾਹਿਰਾਂ ਅਨੁਸਾਰ ਸ਼ਹਿਰੀਕਰਨ ਤੇ ਖੁੱਲ੍ਹੇ ਮੈਦਾਨਾਂ ਦੀ ਘਾਟ ਨੇ ਵੀ ਲੋਕ ਖੇਡਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ਪਿੰਡਾਂ ਵਿਚ ਖ਼ਾਲੀ ਥਾਵਾਂ 'ਤੇ ਇਮਾਰਤਾਂ ਬਣ ਰਹੀਆਂ ਹਨ ਤੇ ਬੱਚਿਆਂ ਲਈ ਖੇਡਣ ਵਾਲੇ ਮੈਦਾਨ ਲਗਾਤਾਰ ਘੱਟ ਰਹੇ ਹਨ | ਇਸ ਕਾਰਨ ਨਵੀਂ ਪੀੜ੍ਹੀ ਦਾ ਆਪਣੇ ਵਿਰਸੇ ਨਾਲ ਨਾਤਾ ਵੀ ਕਮਜ਼ੋਰ ਪੈ ਰਿਹਾ ਹੈ | ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੈਦਾਨੀ ਖੇਡਾਂ ਘਟਣ ਕਾਰਨ ਬੱਚਿਆਂ 'ਚ ਮੋਟਾਪਾ, ਅੱਖਾਂ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਦਬਾਅ ਦੇ ਮਾਮਲੇ ਵਧ ਰਹੇ ਹਨ | ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਇਹ ਖੇਡਾਂ ਸੰਭਾਲੀਆਂ ਨਾ ਗਈਆਂ ਤਾਂ ਆਉਣ ਵਾਲੀ ਪੀੜ੍ਹੀ ਸਿਰਫ਼ ਕਿਤਾਬਾਂ ਵਿਚ ਹੀ 'ਪਿੱਠੂ' ਅਤੇ 'ਗੁੱਲੀ-ਡੰਡਾ' ਦੇ ਨਾਂਅ ਪੜ੍ਹਦੀ ਨਜ਼ਰ ਆਵੇਗੀ |
ਮੋਬਾਈਲਾਂ ਦੀ ਭੇਟ ਚੜ੍ਹੀਆਂ ਪੰਜਾਬ ਦੀਆਂ ਲੋਕ ਖੇਡਾਂ, ਪਿੱਠੂ, ਗੁੱਲੀ-ਡੰਡਾ ਤੇ ਕੋਟਲਾ-ਛਪਾਕੀ ਹੁਣ ਅਲੋਪ ਹੋਣ ਕੰਢੇ <br/>
ਅਜੀਤ ਡੈਸਕ
18-05-2026