ਅੰਮਿ੍ਤਸਰ, 17 ਮਈ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਕਈ ਨਵੇਂ ਬਦਲਾਅ ਆਏ ਹਨ | ਇਨ੍ਹਾਂ ਵਿਚੋਂ ਇਕ ਆਨਲਾਈਨ ਪੈਸਿਆਂ ਦੇ ਲੈਣ ਦੇਣ ਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ | ਜਿਸ ਕਾਰਨ ਬਾਜ਼ਾਰ ਵਿਚੋਂ ਕਰੰਸੀ ਘਟਦੀ ਜਾ ਰਹੀ ਹੈ | ਜਿਸ ਦਾ ਸਭ ਤੋਂ ਵਧੇਰੇ ਅਸਰ ਛੋਟੀ ਕਰੰਸੀ 'ਤੇ ਦੇਖਣ ਨੂੰ ਮਿਲ ਰਿਹਾ ਹੈ | ਵੱਡੇ ਨੋਟ ਬੈਂਕਾਂ ਤੇ ਵੱਡੇ ਲੋਕਾਂ ਦੀਆਂ ਤਿਜੋਰੀਆਂ ਦਾ ਸ਼ਿੰਗਾਰ ਬਣ ਕੇ ਰਹੀ ਗਈ ਹੈ | ਛੋਟੀ ਕਰੰਸੀ ਦੀ ਕਾਲਾਬਾਜ਼ਾਰੀ ਹੋਣ ਲੱਗ ਪਈ ਹੈ | 10 ਰੁਪਏ ਤੋਂ ਲੈ ਕੇ 50 ਰੁਪਏ ਤੱਕ ਨੋਟ ਬਾਜ਼ਾਰ ਵਿਚ ਬਹੁਤ ਘੱਟ ਗਏ ਹਨ ਤੇ ਬੈਂਕਾਂ ਵਿਚੋਂ ਵੀ ਨਹੀਂ ਮਿਲਦੀ | ਇਸ ਨੂੰ ਬੈਂਕਾਂ ਤੋਂ ਪ੍ਰਾਪਤ ਕਰਨ ਲਈ ਸਿਫਾਰਸ਼ਾਂ ਲੜਾਉਣੀਆਂ ਪੈਂਦੀਆਂ ਹਨ | ਜੇਕਰ ਬਾਜ਼ਾਰ ਵਿਚੋਂ ਇਹ ਕਰੰਸੀ ਖਰੀਦਣੀ ਪਵੇ ਤਾਂ ਉਸ ਦੇ ਪੈਸੇ ਵਟਾਉਣ ਵਾਲੇ ਲੋਕਾਂ ਵਲੋਂ ਮੂੰਹ ਮੰਗੇ ਪੈਸੇ ਵਸੂਲੇ ਜਾਂਦੇ ਹਨ | 10 ਰੁਪਏ ਦੇ ਨੋਟਾਂ ਦੀ ਇਕ ਹਜ਼ਾਰ ਰੁਪਏ ਦੇ ਨਵੇਂ ਨੋਟਾਂ ਦੀ ਗੱਠੀ ਦੀ ਜਗ੍ਹਾ 1700 ਰੁਪਏ ਤੱਕ ਵਸੂਲੇ ਜਾਂਦੇ ਹਨ | ਇਸੇ ਤਰ੍ਹਾਂ ਸਿੱਕੇ ਵੀ ਮਹਿੰਗੇ ਵਿਕ ਰਹੇ ਹਨ | ਜੇਕਰ 20 ਰੁਪਏ ਦੇ ਨਵੇਂ ਨੋਟਾਂ ਦੀ ਗੱਠੀ ਦੀ ਬਲੈਕ ਹੋ ਰਹੀ ਹੈ 2000 ਰੁਪਏ ਦੀ ਜਗ੍ਹਾ 2400 ਤੋਂ 2500 ਰੁਪਏ ਵਸੂਲੇ ਜਾ ਰਹੇ ਹਨ | ਕਰੰਸੀ ਦੀ ਕਮੀ ਦਾ ਅਸਰ ਛੋਟੇ ਦੁਕਾਨਦਾਰਾਂ 'ਤੇ ਪੈ ਰਿਹਾ ਹੈ ਖਾਸ ਕਰਕੇ ਉਨ੍ਹਾਂ ਦੀ ਦੁਕਾਨਦਾਰਾਂ ਦੀ ਦੁਕਾਨਦਾਰੀ ਠੱਪ ਹੋਣ ਦੇ ਕਿਨਾਰੇ ਪਹੁੰਚ ਗਈ ਹੈ ਜੋ ਆਨਲਾਈਨ ਪੈਸਿਆਂ ਦੇ ਲੈਣ ਦੇਣ ਨਹੀਂ ਕਰਦੇ |