ਸ਼ਿਵ ਸ਼ਰਮਾ
ਜਲੰਧਰ, 17 ਮਈ-ਹੁਣ ਤੱਕ ਸੂਬੇ ਵਿਚ ਕਾਫ਼ੀ ਸਮੇਂ ਤੱਕ ਮੌਸਮ ਵਿਚ ਆਉਂਦੇ ਰਹੇ ਉਤਾਰ ਚੜ੍ਹਾਅ ਕਾਰਨ ਪਾਵਰਕਾਮ ਨੂੰ ਬਿਜਲੀ ਦੀ ਜ਼ਿਆਦਾ ਮੰਗ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਪਰ ਹੁਣ ਕਹਿਰ ਵਾਲੀ ਗਰਮੀ ਸ਼ੁਰੂ ਹੋਣ ਨਾਲ ਪਾਵਰਕਾਮ ਦੇ ਵੀ ਪਸੀਨੇ ਨਿਕਲਣ ਲੱਗ ਪਏ ਹਨ | ਸਨਿਚਰਵਾਰ ਨੂੰ ਬਿਜਲੀ ਦੀ ਮੰਗ ਜਿੱਥੇ 12000 ਮੈਗਾਵਾਟ ਤੋਂ ਟੱਪ ਗਈ ਸੀ ਤਾਂ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਤਾਪਮਾਨ ਜ਼ਿਆਦਾ ਹੋਣ ਕਾਰਨ ਸਿਰਫ਼ 1000 ਮੈਗਾਵਾਟ ਦੇ ਕਰੀਬ ਬਿਜਲੀ ਦੀ ਮੰਗ ਵਿਚ ਕਮੀ ਆਈ ਸੀ ਤਾਂ ਸੋਮਵਾਰ ਨੂੰ ਜੇਕਰ ਕਹਿਰ ਦੀ ਗਰਮੀ ਬਣੀ ਰਹਿੰਦੀ ਹੈ ਤਾਂ ਬਿਜਲੀ ਦੀ ਮੰਗ 13000 ਮੈਗਾਵਾਟ ਮੰਗ ਪੁੱਜ ਸਕਦੀ ਹੈ | ਐਤਵਾਰ ਨੂੰ ਜ਼ਿਆਦਾ ਤਾਪਮਾਨ ਹੋਣ ਕਰਕੇ ਏ. ਸੀ.ਲੋਡ ਵੀ ਪੂਰੀ ਸਮਰੱਥਾ ਨਾਲ ਚੱਲ ਰਿਹਾ ਸੀ | ਮੌਸਮ ਮਾਹਿਰਾਂ ਮੁਤਾਬਿਕ ਦੇਸ਼ ਭਰ ਖ਼ਾਸਕਰ ਉੱਤਰੀ ਰਾਜਾਂ ਵਿਚ 22 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਜਿਸ ਨਾਲ ਪਾਵਰਕਾਮ ਲਈ ਆਉਣ ਵਾਲੇ ਦਿਨ ਹੋਰ ਵੀ ਔਖੇ ਸਾਬਤ ਹੋਣ ਵਾਲੇ ਲੱਗ ਰਹੇ ਹਨ | ਇਸ ਬਾਰ ਅਪ੍ਰੈਲ ਮਹੀਨੇ ਵਿਚ ਬਿਜਲੀ ਦੀ ਮੰਗ ਜੂਨ ਵਰਗੇ ਮਹੀਨੇ ਜਿੰਨੀ ਵਧ ਗਈ ਸੀ ਤਾਂ ਉਨ੍ਹਾਂ ਦਿਨਾਂ ਵਿਚ ਸੂਬੇ ਵਿਚ ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਅਣਐਲਾਨੇ ਕੱਟ ਲਗਾਉਣ ਲਈ ਵੀ ਮਜਬੂਰ ਹੋਣਾ ਪਿਆ ਸੀ | ਹੁਣ ਜਿੱਥੇ ਅਗਲੇ ਹਫ਼ਤੇ ਤੱਕ ਲੂ ਚੱਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਤਾਂ ਬਿਜਲੀ ਦੀ ਮੰਗ 12000 ਮੈਗਾਵਾਟ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ | ਪਿਛਲੇ ਸਾਲ ਦੇ ਮੁਕਾਬਲੇ ਅਪ੍ਰੈਲ ਦੇ ਮਹੀਨੇ ਵਿਚ ਬਿਜਲੀ ਦੀ ਜ਼ਿਆਦਾ ਮੰਗ ਦਰਜ ਕੀਤੀ ਗਈ ਹੈ ਜਦਕਿ ਦੂਜੇ ਪਾਸੇ ਅਪ੍ਰੈਲ ਦੇ ਆਖ਼ਰੀ ਦਿਨਾਂ ਤੋਂ ਬਾਅਦ ਮਈ ਦੇ ਇਨ੍ਹਾਂ ਦਿਨਾਂ ਵਿਚ ਕਹਿਰ ਦੀ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਮੌਸਮ ਮਾਹਿਰਾਂ ਵਲੋਂ ਜਿਸ ਤਰਾਂ ਨਾਲ ਹੁਣ 22 ਮਈ ਤੱਕ ਕਹਿਰ ਦੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ, ਉਸ ਮੁਤਾਬਿਕ ਤਾਂ ਬਿਜਲੀ ਦੀ ਮੰਗ ਜੇਕਰ 14000 ਮੈਗਾਵਾਟ ਤੱਕ ਵੀ ਚਲੀ ਜਾਵੇਗੀ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ | ਪਾਵਰਕਾਮ ਨੂੰ ਡੈਮਾਂ ਤੋਂ ਕਰੀਬ 250 ਤੋਂ 300 ਮੈਗਾਵਾਟ ਬਿਜਲੀ ਘੱਟ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ | ਦੇਸ਼ ਵਿਚ ਜ਼ਿਆਦਾ ਗਰਮੀ ਪੈਣ ਕਰਕੇ ਬਿਜਲੀ ਐਕਸਚੇਂਜ ਵਿਚ ਕੁੱਝ ਮਹੀਨੇ ਪਹਿਲਾਂ ਹੀ ਬਿਜਲੀ ਦੀ ਮੰਗ ਪੂਰੀ ਨਹੀਂ ਹੋ ਰਹੀ ਸੀ ਪਰ ਦੱਸਿਆ ਜਾਂਦਾ ਹੈ ਕਿ ਉਤਰ ਪ੍ਰਦੇਸ਼ ਵਿਚ ਬੀਤੇ ਦਿਨਾਂ ਵਿਚ ਝੱਖੜਾਂ ਕਰਕੇ ਬਿਜਲੀ ਦੀ ਮੰਗ ਘੱਟ ਗਈ ਸੀ ਜਿਸ ਕਰਕੇ ਬਿਜਲੀ ਐਕਸਚੇਂਜ ਵਿਚ ਪਾਵਰਕਾਮ ਨੂੰ ਬਿਜਲੀ ਮਿਲਣ ਲੱਗ ਪਈ ਹੈ | ਉਂਜ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਪਾਵਰਕਾਮ ਨੂੰ ਸੂਰਜੀ ਬਿਜਲੀ ਰਾਹਤ ਦੇ ਰਹੀ ਹੈ | ਬਿਜਲੀ ਐਕਸਚੇਂਜ ਰਾਹੀਂ ਪਾਵਰਕਾਮ ਨੂੰ ਰੋਜ਼ਾਨਾ 5500 ਮੈਗਾਵਾਟ ਦੇ ਕਰੀਬ ਬਿਜਲੀ ਪ੍ਰਾਪਤ ਹੋ ਰਹੀ ਹੈ | ਉੱਧਰ ਜਦੋਂ ਪੂਰੀ ਬਿਜਲੀ ਉਪਲਬਧ ਨਹੀਂ ਹੁੰਦੀ ਤਾਂ ਕਈ ਇਲਾਕਿਆਂ ਵਿਚ ਖਪਤਕਾਰਾਂ ਨੂੰ ਅਣਐਲਾਨੇ ਬਿਜਲੀ ਕੱਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੁੱਝ ਸਮਾਂ ਪਹਿਲਾਂ ਦਾਅਵਾ ਕੀਤਾ ਸੀ ਕਿ ਇਕ ਮਈ ਤੋਂ ਬਾਅਦ ਸੂਬੇ ਵਿਚ ਬਿਜਲੀ ਦੇ ਕੱਟ ਨਹੀਂ ਲੱਗਣਗੇ | ਪਾਵਰਕਾਮ ਨੇ ਚਾਹੇ ਮਈ ਤੋਂ ਲੈ ਕੇ ਝੋਨੇ ਦੀ ਬਿਜਾਈ ਦੇ ਸੀਜ਼ਨ ਤੱਕ ਬਿਜਲੀ ਖ਼ਰੀਦ ਦੇ ਪੂਰੇ ਪ੍ਰਬੰਧ ਕੀਤੇ ਹਨ ਪਰ ਆਉਣ ਵਾਲੇ ਦਿਨਾਂ ਵਿਚ ਪੈਣ ਵਾਲੀ ਕਹਿਰ ਦੀ ਗਰਮੀ ਨਾਲ ਪਾਵਰਕਾਮ ਲਈ ਜਰੂਰ ਪੇ੍ਰਸ਼ਾਨੀ ਖੜੀ ਹੋ ਸਕਦੀ ਹੈ |
ਉੱਤਰ ਪ੍ਰਦੇਸ਼ ਵਿਚ ਆਏ ਝੱਖੜਾਂ ਕਾਰਨ ਪਾਵਰਕਾਮ ਨੂੰ ਐਕਸਚੇਂਜ ਤੋਂ ਬਿਜਲੀ ਮਿਲਣ ਨਾਲ ਮਿਲੀ ਰਾਹਤ
ਅਜੀਤ ਡੈਸਕ
18-05-2026