ਅਜਿਹਾ ਨਾ ਹੋਣ ਦੀ ਸੂਰਤ 'ਚ ਮਰਨ ਵਰਤ 'ਤੇ ਬੈਠਣਗੀਆਂ ਪੰਜ ਵਿਧਵਾ ਬੀਬੀਆਂ
ਜਲੰਧਰ, 19 ਮਈ (ਐੱਮ. ਐੱਸ. ਲੋਹੀਆ)-1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ (ਪੰਜਾਬ) ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਦੰਗਾ ਪੀੜਤ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਗਾਏ ਹਨ ਕਿ ਸਰਕਾਰ ਨੂੰ ਆਏ ਤਕਰੀਬਨ ਸਵਾ-ਚਾਰ ਸਾਲ ਹੋ ਜਾਣ ਦੇ ਬਾਵਜੂਦ ਵੀ ਪੀੜਤਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਸਬੰਧੀ ਪਿਛਲੀ ਸਰਕਾਰ ਦੇ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਮੁਤਾਬਕ ਵੀ ਪੰਜਾਬ 'ਚ ਰਹਿ ਰਹੇ ਤਕਰੀਬਨ 25 ਹਜ਼ਾਰ ਦੰਗਾ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਸਬੰਧੀ ਕਈ ਅਹਿਮ ਫ਼ੈਸਲੇ ਕੀਤੇ ਸਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਆਖ਼ਰੀ ਮੀਟਿੰਗ 15/09/2025 ਨੂੰ ਕੀਤੀ, ਜਿਸ 'ਚ ਵਿੱਤ ਮੰਤਰੀ ਵਲੋਂ ਦੰਗਾ ਪੀੜਤਾਂ ਦੇ ਮੁੜ ਵਸੇਬੇ ਸੰਬੰਧੀ ਕੀਤੇ ਸਾਰੇ ਫ਼ੈਸਲੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਜਦੋਂ ਪੰਜਾਬ ਸਰਕਾਰ ਵਲੋਂ ਇਨ੍ਹਾਂ ਫ਼ੈਸਲਿਆਂ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ, ਤਾਂ ਉਸ 'ਚ ਸਾਰੇ ਫ਼ੈਸਲੇ ਰੱਦ ਕਰ ਦਿੱਤੇ ਗਏ, ਜਿਸ ਕਰਕੇ ਦੰਗਾ ਪੀੜਤ ਪਰਿਵਾਰਾਂ 'ਚ ਬਹੁਤ ਰੋਸ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਫੈਸਲੇ ਲਾਗੂ ਨਾ ਕੀਤੇ ਗਏ ਤਾਂ 1984 ਦੰਗਾ ਪੀੜਤ ਦੀਆਂ ਪੰਜ ਵਿਧਵਾ ਬੀਬੀਆਂ ਚੰਡੀਗੜ੍ਹ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਬਾਹਰ ਮਰਨ ਵਰਤ 'ਤੇ ਬੈਠਣਗੀਆਂ | ਇਸ ਮੌਕੇ ਗੁਰਦੇਵ ਸਿੰਘ (ਚੇਅਰਮੈਨ), ਦਲਜੀਤ ਸਿੰਘ ਸੋਨੀ (ਸਕੱਤਰ), ਰਾਣੀ ਧਾਲੀਵਾਲ, ਅਮਰਜੀਤ ਸਿੰਘ ਰਾਜਪਾਲ, ਇੰਦਰਪਾਲ ਸਿੰਘ ਵਿੱਕੀ, ਕਸ਼ਮੀਰ ਸਿੰਘ ਰਈਆ, ਸੁਖਦੇਵ ਸਿੰਘ ਅੰਮਿ੍ਤਸਰ, ਦੇਸਾ ਸਿੰਘ ਅੰਮਿ੍ਤਸਰ, ਸਤਨਾਮ ਸਿੰਘ, ਬਖਸ਼ੀਸ਼ ਸਿੰਘ, ਬਲਜੀਤ ਸਿੰਘ ਹੈਬੋਵਾਲ, ਗੁਰਮੀਤ ਕੌਰ, ਗੁਰਦੇਵ ਕੌਰ, ਧਰਮਿੰਦਰ ਸਿੰਘ, ਹਰਮੀਤ ਸਿੰਘ ਅਤੇ ਹੋਰ ਹਾਜ਼ਰ ਸਨ |
1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਵਲੋਂ ਮੁੱਖ ਮੰਤਰੀ ਨੂੰ ਕੀਤੇ ਫ਼ੈਸਲੇ ਲਾਗੂ ਕਰਨ ਦੀ ਮੰਗ
ਅਜੀਤ ਡੈਸਕ
20-05-2026