ਜਲੰਧਰ, 19 ਮਈ (ਜਸਪਾਲ ਸਿੰਘ)-ਜੰਗ-ਏ-ਆਜ਼ਾਦੀ ਦੇ ਪ੍ਰਸਿੱਧ ਇਤਿਹਾਸਕਾਰ ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ 'ਚ ਲੰਬਾ ਸਮਾਂ ਹਿਊਮੈਨੇਟੀਜ਼ ਦੇ ਪ੍ਰੋਫੈਸਰ ਰਹੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ, ਜਿਨ੍ਹਾਂ ਦਾ ਪਿਛਲੇ ਦਿਨੀਂ ਸਾਕੇਤੜੀ (ਪੰਚਕੂਲਾ) ਵਿਖੇ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਯਾਦ 'ਚ ਇਕ ਸਮਾਗਮ 23 ਮਈ ਦਿਨ ਸਨਿਚਰਵਾਰ ਨੂੰ ਸਾਢੇ 3 ਵਜੇ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਇਤਿਹਾਸ ਨਾਲ ਸੰਬੰਧਿਤ ਸ਼ਖਸੀਅਤਾਂ, ਨਾਮਵਰ ਸਿੱਖਿਆ ਸ਼ਾਸ਼ਤਰੀ, ਦਿੱਗਜ਼ ਪੱਤਰਕਾਰ, ਸੀਨੀਅਰ ਵਕੀਲ ਤੇ ਹੋਰ ਆਗੂ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਾਮਵਰ ਸੀਨੀਅਰ ਵਕੀਲ ਰਾਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪ੍ਰੋ. ਵੜੈਚ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮਿ੍ਤਕ ਦੇਹ ਖੋਜ ਕਾਰਜਾਂ ਲਈ ਪੀ. ਜੀ. ਆਈ. ਚੰਡੀਗੜ੍ਹ ਨੂੰ ਸੌਂਪ ਦਿੱਤੀ ਗਈ ਸੀ | ਦੱਸਣਯੋਗ ਹੈ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਪਰਿਵਾਰ ਲੱਧੇਵਾਲਾ ਵੜੈਚ (ਗੁਜਰਾਂਵਾਲਾ) ਤੋਂ ਦੇਸ਼ ਵੰਡ ਵੇਲੇ ਇਧਰ ਆ ਗਿਆ ਸੀ ਤੇ ਪਹਿਲਾਂ ਕਪੂਰਥਲਾ ਅਤੇ ਬਾਅਦ 'ਚ ਪੱਕੇ ਤੌਰ 'ਤੇ ਪਿੰਡ ਰਾਵਰ (ਕਰਨਾਲ) 'ਚ ਜਾ ਵਸਿਆ ਸੀ | ਉਨ੍ਹਾਂ ਨੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ, ਬਾਬਾ ਸੱਜਣ ਸਿੰਘ ਨਾਰੰਗਵਾਲ, ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ, ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਅਰਜਨ ਸਿੰਘ ਜਗਰਾਉਂ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਪਾਲ ਸਿੰਘ ਢੁੱਡੀਕੇ ਤੇ ਸ਼ਹੀਦ ਜਤਿਨ ਦਾਸ ਦੇ ਭਰਾਤਾ ਕਿਰਨ ਦਾਦਾ ਸਮੇਤ ਅਨੇਕਾਂ ਹੋਰ ਦੇਸ਼ ਭਗਤਾਂ ਦੀ ਸੰਗਤ ਮਾਣੀ ਤੇ 30 ਤੋਂ ਵੱਧ ਖੋਜ ਪੁਸਤਕਾਂ ਲਿਖੀਆਂ | ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਇਤਿਹਾਸ ਲੇਖਨ ਤੇ ਚਿੰਤਨ ਦੇ ਖੇਤਰ 'ਚ ਵੱਡਾ ਘਾਟਾ ਪਿਆ ਹੈ |
ਉੱਘੇ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਯਾਦ 'ਚ ਸਮਾਗਮ 23 ਨੂੰ <br/>
ਅਜੀਤ ਡੈਸਕ
20-05-2026