ਪਟਿਆਲਾ, 19 ਮਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਪੁਰਾਣੇ ਘਰਾਂ ਤੇ ਵਪਾਰਕ ਇਮਾਰਤਾਂ ਦੀਆਂ ਛੱਤਾਂ ਨੂੰ ਜੈੱਕਾਂ ਨਾਲ ਉੱਪਰ ਚੁੱਕਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ | ਲਗਭਗ 25 ਤੋਂ 30 ਸਾਲ ਪਹਿਲਾਂ ਬਣੇ ਘਰ, ਜੋ ਉਸ ਸਮੇਂ ਦੀਆਂ ਗਲੀਆਂ ਅਤੇ ਸੜਕਾਂ ਦੇ ਪੱਧਰ ਅਨੁਸਾਰ ਤਿਆਰ ਕੀਤੇ ਗਏ ਸਨ, ਅੱਜ ਨਵੀਆਂ ਸੜਕਾਂ, ਉੱਚੀਆਂ ਨਾਲੀਆਂ ਤੇ ਆਧੁਨਿਕ ਡਿਜ਼ਾਈਨ ਵਾਲੇ ਨਵੇਂ ਮਕਾਨਾਂ ਦੇ ਮੁਕਾਬਲੇ ਕਾਫੀ ਹੇਠਾਂ ਰਹਿ ਗਏ ਹਨ | ਇਸ ਕਾਰਨ ਲੋਕ ਆਪਣੇ ਪੁਰਾਣੇ ਘਰਾਂ ਨੂੰ ਢਾਹੁਣ ਦੀ ਬਜਾਏ ਜੈੱਕਾਂ ਰਾਹੀਂ ਉੱਪਰ ਚੁੱਕਣ ਨੂੰ ਤਰਜੀਹ ਦੇ ਰਹੇ ਹਨ | ਜਾਣਕਾਰਾਂ ਮੁਤਾਬਿਕ ਇਹ ਰੁਝਾਨ ਸਭ ਤੋਂ ਪਹਿਲਾਂ ਮਾਲਵਾ ਖੇਤਰ ਦੇ ਕੁਝ ਸ਼ਹਿਰਾਂ ਅਤੇ ਕਸਬਿਆਂ ਵਿਚ ਉਸ ਸਮੇਂ ਸ਼ੁਰੂ ਹੋਇਆ ਸੀ, ਜੋਕਿ ਹੁਣ ਪੂਰੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੱਕ ਫੈਲ ਗਿਆ ਹੈ | ਹੁਣ ਹਾਲਾਤ ਇਹ ਹਨ ਕਿ ਕਈ ਥਾਵਾਂ 'ਤੇ ਘਰ ਚੁੱਕਣ ਵਾਲੀਆਂ ਟੋਲੀਆਂ ਅਤੇ ਮਿਸਤਰੀ ਖ਼ਾਸ ਤੌਰ 'ਤੇ ਇਸ ਕੰਮ ਲਈ ਸਰਗਰਮ ਹਨ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਕੰਮ ਵਿਚ ਵੱਡੀ ਗਿਣਤੀ ਵਿਚ ਅਜਿਹੇ ਜੁਗਾੜੀ ਮਿਸਤਰੀ ਜਾਂ ਠੇਕੇਦਾਰ ਵੀ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਕੋਲ ਨਾ ਤਾਂ ਕੋਈ ਤਕਨੀਕੀ ਇੰਜੀਨੀਅਰਿੰਗ ਦੀ ਜਾਣਕਾਰੀ ਹੈ ਤੇ ਨਾ ਹੀ ਸੁਰੱਖਿਆ ਮਾਪਦੰਡਾਂ ਬਾਰੇ ਪੂਰੀ ਸਮਝ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ | ਰੂਪਨਗਰ ਜ਼ਿਲ੍ਹੇ ਵਿਚ ਸਾਲ 2024 ਦੌਰਾਨ ਦੋ-ਮੰਜ਼ਿਲਾਂ ਮਕਾਨ ਜੈੱਕਾਂ ਨਾਲ ਚੁੱਕਦੇ ਸਮੇਂ ਢਹਿ ਗਿਆ ਸੀ, ਜਿਸ ਕਾਰਨ 4 ਮਜ਼ਦੂਰਾਂ ਦੀ ਮੌਤ ਹੋ ਗਈ ਸੀ | ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਫਰਵਾਹੀ ਪਿੰਡ ਵਿਚ ਹਾਲ ਹੀ ਦੌਰਾਨ ਮਕਾਨ ਚੁੱਕਣ ਵੇਲੇ ਹੋਏ ਹਾਦਸੇ ਵਿਚ 3 ਮਜ਼ਦੂਰਾਂ ਨੇ ਜਾਨ ਗਵਾ ਦਿੱਤੀ | ਇਨ੍ਹਾਂ ਵਧਦੇ ਖ਼ਤਰਿਆਂ ਦੇ ਬਾਵਜੂਦ ਘਰ ਜਾਂ ਵਪਾਰਕ ਇਮਾਰਤ ਚੁੱਕਣ ਦੀ ਕਿਸੇ ਸਰਕਾਰੀ ਵਿਭਾਗ ਦੀ ਪ੍ਰਵਾਨਗੀ ਜਾਂ ਨਿਯਮਾਂ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈ | ਇੰਜੀਨੀਅਰਾਂ ਅਤੇ ਨਿਰਮਾਣ ਖੇਤਰ ਨਾਲ ਜੁੜੇ ਮਾਹਿਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਰਾਂ ਨੂੰ ਜੈੱਕਾਂ ਨਾਲ ਚੁੱਕਣ ਦੇ ਕੰਮ ਲਈ ਤਕਨੀਕੀ ਨਿਯਮ ਬਣਾਏ ਜਾਣ | ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੀਆਂ ਇਮਾਰਤਾਂ ਦੀਆਂ ਛੱਤਾਂ ਚੁੱਕਣਾ ਬਿਲਕੁਲ ਗ਼ੈਰ-ਕਾਨੂੰਨੀ ਹੈ | ਬਸ ਪਹਿਲਾਂ ਵਾਲੇ ਪੱਧਰ 'ਤੇ ਹੀ ਛੱਤ ਨਿਯਮਾਂ ਮੁਤਾਬਿਕ ਬਦਲੀ ਜਾ ਸਕਦੀ ਹੈ |
ਜੁਗਾੜੀ ਤਰੀਕਿਆਂ ਨਾਲ ਛੱਤਾਂ ਚੁੱਕਣ ਦੇ ਰੁਝਾਨ ਨਾਲ ਹਾਦਸਿਆਂ ਦੇ ਖ਼ਤਰੇ ਵਧੇ <br/>
ਅਜੀਤ ਡੈਸਕ
20-05-2026