ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਆਪਣੀ ਵੈੱਬਸਾਈਟ 'ਤੇ ਤਕਨੀਕੀ ਸਮੱਸਿਆਵਾਂ ਦੇ ਕਾਰਨ ਮੁਲਾਂਕਣ ਕੀਤੀਆਂ ਗਈਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਇਕ ਦਿਨ ਲਈ ਵਧਾ ਦਿੱਤੀ ਹੈ | ਸੀ.ਬੀ.ਐਸ.ਈ. ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਇਕ ਸਰਕੂਲਰ ਅਨੁਸਾਰ ਆਖਰੀ ਮਿਤੀ 22 ਤੋਂ ਵਧਾ ਕੇ 23 ਮਈ ਕਰ ਦਿੱਤੀ ਗਈ ਹੈ | ਸਰਕੂਲਰ ਵਿਚ ਕਿਹਾ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੀ.ਬੀ.ਐਸ.ਈ. ਦੀ ਵੈਬਸਾਈਟ 'ਤੇ ਉੱਤਰ ਤਸਦੀਕ ਸਹੂਲਤ ਸੰਬੰਧੀ ਇਕ ਤਕਨੀਕੀ ਸਮੱਸਿਆ ਦੇ ਕਾਰਨ ਅਤੇ ਵਿਦਿਆਰਥੀਆਂ ਲਈ ਢੁੱਕਵਾਂ ਸਮਾਂ ਯਕੀਨੀ ਬਣਾਉਣ ਲਈ ਮੁਲਾਂਕਣ ਕੀਤੀਆਂ ਉੱਤਰ ਪੁਸਤਕਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ | ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਵਧੇ ਹੋਏ ਸਮੇਂ ਦਾ ਲਾਭ ਉਠਾਉਣ ਅਤੇ ਉਸ ਅਨੁਸਾਰ ਅਰਜ਼ੀ ਦੇਣ, ਜਦੋਂਕਿ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ |