ਐੱਸ. ਏ. ਐੱਸ. ਨਗਰ, 3 ਜੂਨ (ਕਪਿਲ ਵਧਵਾ) ਗੁਰੂ ਨਾਨਕ ਵਿੱਦਿਆ ਭੰਡਾਰ ਟਰੱਸਟ ਨਵੀਂ ਦਿੱਲੀ ਦੀ ਬੇਸ਼ਕੀਮਤੀ ਜ਼ਮੀਨ ਹੜੱਪਣ ਦੇ ਬਹੁ-ਚਰਚਿੱਤ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮੁੱਖ ਮੁਲਜ਼ਮਾਂ ਵਜੋਂ ਨਾਮਜ਼ਦ ਚਚੇਰੇ ਭਰਾਵਾਂ ਸੰਜੀਵ ਗਾਬਾ ਅਤੇ ਰਾਜੇਸ਼ (ਰਾਜੀਵ) ਗਾਬਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ ਨੇ ਕਰੀਬ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸੰਜੀਵ ਗਾਬਾ ਅਤੇ ਅੱਠ ਮਹੀਨਿਆਂ ਤੋਂ ਨਿਆਂਇਕ ਹਿਰਾਸਤ ਵਿਚ ਚੱਲ ਰਹੇ ਉਸ ਦੇ ਚਚੇਰੇ ਭਰਾ ਰਾਜੇਸ਼ ਕੁਮਾਰ ਗਾਬਾ ਦੀ ਰੈਗੂਲਰ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ | ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਮੁਲਜ਼ਮਾਂ 'ਤੇ ਲੱਗੇ ਦੋਸ਼ਾਂ ਅਨੁਸਾਰ ਉਨ੍ਹਾਂ ਖ਼ਿਲਾਫ਼ ਜਾਂਚ ਦੌਰਾਨ ਕਾਫ਼ੀ ਸਬੂਤ ਸਾਹਮਣੇ ਆਏ ਹਨ ਅਤੇ ਉਹ ਟਰੱਸਟ ਦੀ 8 ਏਕੜ ਤੋਂ ਵੱਧ ਜ਼ਮੀਨ, ਜਿਸ ਦੀ ਕੀਮਤ 100 ਕਰੋੜ ਰੁ. ਤੋਂ ਵੱਧ ਦੱਸੀ ਜਾ ਰਹੀ ਹੈ, 'ਤੇ ਕਬਜ਼ਾ ਕਰਨ ਲਈ ਰਚੀ ਗਈ ਕਥਿਤ ਸਾਜਿਸ਼ ਦੇ ਅਹਿਮ ਹਿੱਸੇਦਾਰ ਹਨ | ਸੀ. ਬੀ. ਆਈ. ਜਾਂਚ ਮੁਤਾਬਿਕ ਮੁਲਜ਼ਮਾਂ ਨੇ ਹੋਰਨਾਂ ਨਾਲ ਮਿਲ ਕੇ ਜਾਅਲੀ ਟਰੱਸਟ ਡੀਡ, ਜਾਅਲੀ ਰਜਿਸਟ੍ਰੇਸ਼ਨ ਸਰਟੀਫ਼ਿਕੇਟ, ਜਾਅਲੀ ਮੁਖਤਿਆਰਨਾਮੇ ਅਤੇ ਹੋਰ ਫ਼ਰਜ਼ੀ ਦਸਤਾਵੇਜ਼ ਤਿਆਰ ਕਰਕੇ ਅਸਲੀ ਗੁਰੂ ਨਾਨਕ ਵਿੱਦਿਆ ਭੰਡਾਰ ਟਰੱਸਟ ਦੀ ਪਛਾਣ ਦੀ ਨਕਲ ਕੀਤੀ ਸੀ | ਇਸ ਤੋਂ ਬਾਅਦ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਜਾਅਲੀ ਟਰੱਸਟ ਦੇ ਨਾਂਅ 'ਤੇ ਲੀਜ਼ ਡੀਡ ਤਿਆਰ ਕਰਵਾ ਕੇ ਜ਼ਮੀਨ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਸੀ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਾਰਚ 2022 ਵਿਚ ਕੁਝ ਵਿਅਕਤੀਆਂ ਨੇ ਟਰੱਸਟ ਦੀ ਜ਼ਮੀਨ 'ਚ ਜ਼ਬਰਦਸਤੀ ਦਾਖ਼ਲ ਹੋ ਕੇ ਸੁਰੱਖਿਆ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਸੀ ਤੇ ਸੀ. ਸੀ. ਟੀ. ਵੀ. ਸਮੇਤ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਸੀ | ਅਦਾਲਤ ਨੇ ਸਪੱਸ਼ਟ ਕੀਤਾ ਕਿ ਅਜਿਹੀ ਸਥਿਤੀ ਵਿਚ ਮੁਲਜ਼ਮ ਨੂੰ ਜ਼ਮਾਨਤ ਦੇਣਾ ਉੱਚਿਤ ਨਹੀਂ ਹੈ, ਇਸ ਲਈ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖਾਰਜ਼ ਕੀਤੀ ਜਾਂਦੀ ਹੈ |