26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੰਜਾਬ ਸਰਕਾਰ ਵਲੋਂ 'ਮੁੱਖ ਮੰਤਰੀ ਸਿਹਤ ਯੋਜਨਾ' ਦਾ ਵਿਸਤਾਰ, ਨਿੱਜੀ ਹਸਪਤਾਲਾਂ ਵਿਚ 17 ਹੋਰ ਇਲਾਜਾਂ ਨੂੰ ਮਨਜ਼ੂਰੀ-ਡਾ. ਬਲਬੀਰ ਸਿੰਘ <br/>

ਅਜੀਤ ਡੈਸਕ 04-06-2026

ਚੰਡੀਗੜ੍ਹ, 3 ਜੂਨ (ਅਜੀਤ ਬਿਊਰੋ)-ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਢੰਗ ਨਾਲ ਪਹੁੰਚਾਉਣ ਅਤੇ ਸਰਕਾਰੀ ਹਸਪਤਾਲਾਂ 'ਤੇ ਵਧ ਰਹੇ ਬੋਝ ਨੂੰ ਘਟਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਦਿਆਂ ਭਗਵੰਤ ਮਾਨ ਸਰਕਾਰ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ 17 ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਦੇ ਨਾਲ ਹੀ ਯੋਜਨਾ ਦਾ ਦਾਇਰਾ ਵਧਾ ਕੇ ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ | ਇਹ ਫ਼ੈਸਲਾ ਰਾਜ ਦੀ ਸਿਹਤ ਬੀਮਾ ਯੋਜਨਾ ਦੇ ਵਿਸਤਾਰ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ | ਇਸ ਬੋਝ ਨੂੰ ਘਟਾਉਣ ਦੇ ਉਦੇਸ਼ ਨਾਲ ਰਾਜ ਸਰਕਾਰ ਨੇ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਵਸੀਹ ਬਣਾਉਂਦਿਆਂ ਉਨ੍ਹਾਂ 17 ਮੈਡੀਕਲ ਪ੍ਰਕਿਰਿਆਵਾਂ ਨੂੰ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਪਹਿਲਾਂ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਸੀਮਤ ਸਨ | ਇਸ ਫ਼ੈਸਲੇ ਨਾਲ ਕੇਵਲ ਸਰਕਾਰੀ ਹਸਪਤਾਲਾਂ ਲਈ ਰਾਖਵੀਆਂ ਪ੍ਰਕਿਰਿਆਵਾਂ ਦੀ ਸੂਚੀ ਹੋਰ ਛੋਟੀ ਹੋ ਗਈ ਹੈ ਤੇ ਹੁਣ ਲਾਭਪਾਤਰੀਆਂ ਨੂੰ ਕਾਫ਼ੀ ਵੱਡੇ ਸਿਹਤ ਸੇਵਾ ਨੈੱਟਵਰਕ ਤੋਂ ਇਲਾਜ ਕਰਵਾਉਣ ਦਾ ਮੌਕਾ ਮਿਲੇਗਾ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਨਾਲ ਖ਼ਾਸ ਕਰਕੇ ਉਨ੍ਹਾਂ ਜ਼ਿਲਿ੍ਹਆਂ ਵਿਚ ਸਿਹਤ ਸੇਵਾਵਾਂ ਦੀ ਉਪਲੱਬਧਤਾ ਵਿਚ ਸੁਧਾਰ ਹੋਵੇਗਾ, ਜਿੱਥੇ ਮਾਹਿਰ ਡਾਕਟਰੀ ਸੇਵਾਵਾਂ ਸੀਮਤ ਹਨ ਜਾਂ ਸਰਕਾਰੀ ਹਸਪਤਾਲਾਂ 'ਤੇ ਜ਼ਿਆਦਾ ਮਰੀਜਾਂ ਦੀ ਨਿਰਭਰਤਾ ਹੈ | ਨਵੀਆਂ ਮਨਜ਼ੂਰਸ਼ੁਦਾ ਪ੍ਰਕਿਰਿਆਵਾਂ ਵੱਖ-ਵੱਖ ਮੈਡੀਕਲ ਵਿਸ਼ੇਸ਼ਤਾਵਾਂ ਨਾਲ ਸਬੰਧਤ ਹਨ | ਕੰਨ, ਨੱਕ ਤੇ ਗਲਾ (ਈਐਨਟੀ) ਇਲਾਜ ਦੇ ਤਹਿਤ ਹੁਣ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਨੱਕ ਦੀ ਹੱਡੀ ਦੇ ਫਰੈਕਚਰ ਦੀ ਸੈਟਿੰਗ ਤੇ ਐਡੀਨੋਇਡੈਕਟੋਮੀ ਵਰਗੇ ਅਪ੍ਰੇਸ਼ਨ ਕਰਵਾਏ ਜਾ ਸਕਣਗੇ | ਇਹ ਆਮ ਅਪ੍ਰੇਸ਼ਨ ਹਨ ਜਿਨ੍ਹਾਂ ਵਿਚ ਖ਼ਾਸ ਤੌਰ 'ਤੇ ਬੱਚਿਆਂ ਅਤੇ ਹਾਦਸਿਆਂ ਦੇ ਪੀੜਤਾਂ ਲਈ ਸਮੇਂ ਸਿਰ ਇਲਾਜ ਜ਼ਰੂਰੀ ਹੁੰਦਾ ਹੈ | ਮਹਿਲਾ ਸਿਹਤ ਸੇਵਾਵਾਂ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ | ਵਿਸਥਾਰਤ ਸੂਚੀ ਵਿਚ 12 ਹਫ਼ਤਿਆਂ ਤੋਂ ਵੱਧ ਸਮੇਂ ਦੀ ਗਰਭਪਾਤ ਸਬੰਧੀ ਪ੍ਰਕਿਰਿਆ, ਹਿਸਟੈਰੋਟੋਮੀ, ਗਰਭ ਅਵਸਥਾ ਨਾਲ ਜੁੜੀਆਂ ਸਮੱਸਿਆਵਾਂ ਲਈ ਹਸਪਤਾਲ ਵਿਚ ਦਾਖ਼ਲਾ ਅਤੇ ਨਾਬਾਲਗ ਲੜਕੀਆਂ, ਅਣਵਿਆਹੀਆਂ ਯੌਨ ਤੌਰ 'ਤੇ ਨਿਸ਼ਕਿ੍ਆ ਮਹਿਲਾਵਾਂ ਅਤੇ ਯੌਨ ਸ਼ੋਸ਼ਣ ਦੀਆਂ ਪੀੜਤਾਵਾਂ ਦੀ ਐਨੇਸਥੀਸੀਆ ਅਧੀਨ ਜਾਂਚ ਨੂੰ ਸ਼ਾਮਲ ਕੀਤਾ ਗਿਆ ਹੈ | ਉੱਥੇ ਹੀ ਆਰਥੋਪੀਡਿਕ ਮਰੀਜ਼ਾਂ ਨੂੰ ਟੈਂਡਨ ਰਿਲੀਜ਼, ਛੋਟੇ ਜੋੜਾਂ ਦੀਆਂ ਸੱਟਾਂ ਦੇ ਇਲਾਜ ਤੇ ਗਿੱਟੇ ਦੇ ਫਰੈਕਚਰ ਦੇ ਆਪਰੇਸ਼ਨਾਂ ਵਰਗੀਆਂ ਸਰਜਰੀਆਂ ਦਾ ਲਾਭ ਮਿਲੇਗਾ | ਇਨ੍ਹਾਂ ਨਵੀਆਂ ਪ੍ਰਕਿਰਿਆਵਾਂ ਦੇ ਪੈਕੇਜ ਰੇਟ 2,000 ਰੁਪਏ ਤੋਂ 27,800 ਰੁਪਏ ਤੱਕ ਨਿਰਧਾਰਤ ਕੀਤੇ ਗਏ ਹਨ | ਸਭ ਲਈ ਉਪਲੱਬਧ ਇਹ ਸਿਹਤ ਬੀਮਾ ਪ੍ਰੋਗਰਾਮ ਪਹਿਲਾਂ ਕੇਵਲ ਦੋ ਜਾਂ ਇਸ ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ਤੱਕ ਸੀਮਤ ਸੀ | ਹੁਣ ਇਸ ਦਾ ਲਾਭ ਉਨ੍ਹਾਂ ਮਾਪਿਆਂ ਨੂੰ ਵੀ ਮਿਲੇਗਾ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਵੱਸਦੇ ਹਨ | ਇਕੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਨਾਮਾਂਕਨ ਲਈ ਇੱਕ ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ |

ਪਿਛਲੀ ਖ਼ਬਰ 100 ਕਰੋੜ ਤੋਂ ਵੱਧ ਕੀਮਤ ਵਾਲੀ ਜ਼ਮੀਨ ਹੜੱਪਣ ਦੇ ਮਾਮਲੇ 'ਚ ਚਚੇਰੇ ਭਰਾਵਾਂ ਦੀ ਜ਼ਮਾਨਤ ਅਰਜ਼ੀ ਰੱਦ ਅਗਲੀ ਖ਼ਬਰ ਬੀ.ਐਸ.-4 ਤੋਂ ਬੀ.ਐਸ.-6 ਤੱਕ-ਦਿੱਲੀ-ਐਨ.ਸੀ. ਆਰ. 'ਚ ਬਦਲੇ ਜਾਣਗੇ 2 ਲੱਖ ਪੁਰਾਣੇ ਟਰੱਕ ਅਤੇ ਬੱਸਾਂ, 9585 ਕਰੋੜ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।