ਨਵੀਂ ਦਿੱਲੀ, 3 ਜੂਨ (ਪੀ.ਟੀ.ਆਈ.)-ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦਿੱਲੀ-ਐਨ. ਸੀ. ਆਰ. ਖੇਤਰ 'ਚ ਪੁਰਾਣੇ ਟਰੱਕਾਂ ਅਤੇ ਬੱਸਾਂ ਨੂੰ ਬਦਲਣ ਦੀ ਇਕ ਯੋਜਨਾ ਨੂੰ ਮਨਜ਼ੂਰੀ ਦਿੱਤੀ, ਜਿਸਦਾ ਉਦੇਸ਼ ਖੇਤਰ 'ਚ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਤੇ ਸਾਫ਼-ਸੁਥਰੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ | ਇਹ ਯੋਜਨਾ ਦਿੱਲੀ-ਐਨ. ਸੀ. ਆਰ. 'ਚ ਰਜਿਸਟਰਡ ਟਰੱਕਾਂ ਅਤੇ ਬੱਸਾਂ ਦੇ ਮਾਲਕਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਬੀ ਐਸ-4 ਜਾਂ ਉਸ ਤੋਂ ਪਹਿਲਾਂ ਦੇ ਨਿਕਾਸੀ ਨਿਯਮਾਂ ਦੀ ਪਾਲਣਾ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਬੀ. ਐਸ.-6 ਜਾਂ ਉਸ ਤੋਂ ਵੀ ਸਖ਼ਤ ਨਿਕਾਸੀ-ਅਨੁਕੂਲ ਵਾਹਨਾਂ ਜਾਂ ਇਲੈਕਟਿ੍ਕ ਵਾਹਨਾਂ ਨਾਲ ਬਦਲਿਆ ਜਾ ਸਕੇ | ਇਕ ਬਿਆਨ ਅਨੁਸਾਰ, ਕੇਂਦਰ ਸਰਕਾਰ ਪੰਜ ਸਾਲਾਂ ਲਈ ਕਰਜ਼ਿਆਂ 'ਤੇ 5 ਪ੍ਰਤੀਸ਼ਤ ਵਿਆਜ ਛੋਟ ਦੇਵੇਗੀ, ਵਾਹਨ ਸ਼੍ਰੇਣੀ ਦੇ ਆਧਾਰ 'ਤੇ 4,800 ਰੁਪਏ ਤੱਕ ਦੇ ਮਾਸਿਕ ਬਾਲਣ ਵਾਊਚਰ ਅਤੇ ਈ. ਵੀ. ਖ਼ਰੀਦਦਾਰੀ ਜਾਂ ਜਮ੍ਹਾਂ ਪ੍ਰਮਾਣਪੱਤਰ ਦੀ ਟਰੇਡਿੰਗ 'ਤੇ ਇਕਮੁਸ਼ਤ ਲਾਭ ਪ੍ਰਦਾਨ ਕਰੇਗਾ | ਇਸ ਯੋਜਨਾ ਨਾਲ ਦਿੱਲੀ ਅਤੇ ਐਨ. ਸੀ. ਆਰ. ਰਾਜਾਂ, ਜਿਵੇਂ ਕਿ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਲਗਭਗ 2.07 ਲੱਖ (1.91 ਲੱਖ ਟਰੱਕ ਅਤੇ 16,329 ਬੱਸਾਂ) ਮਾਲਕਾਂ ਨੂੰ ਲਾਭ ਹੋਵੇਗਾ | ਇਸ ਯੋਜਨਾ 'ਤੇ ਕੁੱਲ ਵਿੱਤੀ ਖ਼ਰਚ 9,585 ਕਰੋੜ ਰੁਪਏ ਹੋਵੇਗਾ, ਜਿਸ ਵਿਚ ਕੇਂਦਰ ਵਲੋਂ 5,041 ਕਰੋੜ ਰੁਪਏ ਅਤੇ ਰਾਜਾਂ ਵਲੋਂ ਟੈਕਸ ਰਿਆਇਤਾਂ 'ਚ ਅੰਦਾਜ਼ਨ 1,601 ਕਰੋੜ ਰੁਪਏ ਸ਼ਾਮਿਲ ਹਨ |
ਬੀ.ਐਸ.-4 ਤੋਂ ਬੀ.ਐਸ.-6 ਤੱਕ-ਦਿੱਲੀ-ਐਨ.ਸੀ. ਆਰ. 'ਚ ਬਦਲੇ ਜਾਣਗੇ 2 ਲੱਖ ਪੁਰਾਣੇ ਟਰੱਕ ਅਤੇ ਬੱਸਾਂ, 9585 ਕਰੋੜ ਦੀ ਯੋਜਨਾ ਨੂੰ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ <br/>
ਅਜੀਤ ਡੈਸਕ
04-06-2026