ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਉੱਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵਾਸ਼ਿੰਗਟਨ 'ਚ ਆਪਣੀ ਹਾਲੀਆ ਮੁਲਾਕਾਤ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਸੀ | ਦਰਅਸਲ, ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਤੋਂ ਮੀਡੀਆ ਨੇ ਪੁੱਛਿਆ ਸੀ ਕਿ ਕੀ ਇਸਹਾਕ ਡਾਰ ਨੇ 29 ਮਈ ਨੂੰ ਆਪਣੀ ਮੁਲਾਕਾਤ ਦੌਰਾਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਰੂਬੀਓ ਨੂੰ ਜਾਣਕਾਰੀ ਦਿੱਤੀ ਸੀ | ਇਸ 'ਤੇ ਅੰਦਰਾਬੀ ਨੇ ਕਿਹਾ ਕਿ ਪਾਕਿ ਵਿਦੇਸ਼ ਮੰਤਰੀ ਵਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਨ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਝੂਠੀਆਂ ਸਨ | ਉਨ੍ਹਾਂ ਦੇ ਅਨੁਸਾਰ ਦੋਵੇਂ ਦੇਸ਼ ਗੱਲਬਾਤ ਦੌਰਾਨ ਵਪਾਰ ਅਤੇ ਨਿਵੇਸ਼, ਸੁਰੱਖਿਆ ਤੇ ਅੱਤਵਾਦ ਵਿਰੋਧੀ ਸਹਿਯੋਗ ਸਮੇਤ ਆਪਸੀ ਹਿਤ ਦੇ ਸਾਰੇ ਖੇਤਰਾਂ 'ਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ |
ਪਾਕਿ ਵਿਦੇਸ਼ ਮੰਤਰੀ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਨਹੀਂ ਸਾਂਝੀ ਕੀਤੀ ਜਾਣਕਾਰੀ, ਅੰਦਰਾਬੀ ਨੇ ਦਿੱਤਾ ਸਪੱਸ਼ਟੀਕਰਨ <br/>
ਅਜੀਤ ਡੈਸਕ
05-06-2026