ਅੰਮਿ੍ਤਸਰ, 4 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਜਾਰੀ ਅਧਿਕਾਰਤ ਦਸਤਾਵੇਜ਼ਾਂ ਮੁਤਾਬਿਕ ਆਉਣ ਵਾਲੇ ਵਿੱਤੀ ਸਾਲ 'ਚ ਪਾਕਿ ਦੇ ਜਲ ਸਰੋਤ ਪ੍ਰਾਜੈਕਟਾਂ ਲਈ ਵਿਕਾਸ ਬਜਟ 'ਚ ਇਕ ਮਹੱਤਵਪੂਰਨ ਘਾਟ ਵਿਖਾਈ ਦੇ ਰਹੀ ਹੈ | ਫ਼ੰਡਾਂ ਦੀ ਘਾਟ ਕਾਰਨ ਜਲ ਪ੍ਰਾਜੈਕਟਾਂ ਦਾ ਨੇਪਰੇ ਚੜਨਾ ਲਗਭਗ ਅਸੰਭਵ ਬਣਿਆ ਹੋਇਆ ਹੈ | ਦਰਅਸਲ, ਜਲ ਸਰੋਤ ਮੰਤਰਾਲੇ ਨੇ ਅਗਲੇ ਸਾਲ ਲਈ 969 ਅਰਬ ਰੁਪਏ ਦੀ ਬੇਨਤੀ ਕੀਤੀ ਸੀ | ਹਾਲਾਂਕਿ, ਸਰਕਾਰ ਦੀ ਪ੍ਰਸਤਾਵਿਤ ਵੰਡ ਲਗਭਗ 179 ਅਰਬ ਰੁਪਏ ਹੈ, ਜਿਸ ਨਾਲ ਮੰਗ ਅਤੇ ਫੰਡਿੰਗ 'ਚ ਇਕ ਵੱਡਾ ਪਾੜਾ ਬਣ ਗਿਆ ਹੈ | ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰਸਤਾਵਿਤ ਬਜਟ 'ਚ ਸੀਮਤ ਫੰਡਿੰਗ ਉਪਲਬਧਤਾ ਦੇ ਕਾਰਨ ਸਮੇਂ ਸਿਰ ਵੱਡੇ ਜਲ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਇਕ ਚੁਨੌਤੀ ਬਣਿਆ ਰਹੇਗਾ | ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਅਗਲੇ ਵਿੱਤੀ ਸਾਲ ਦੀ ਵਿਕਾਸ ਯੋਜਨਾ ਦੇ ਤਹਿਤ ਚੱਲ ਰਹੇ 41 ਪ੍ਰਾਜੈਕਟ ਜਾਰੀ ਰਹਿਣਗੇ, ਜਦੋਂ ਕਿ ਸਿਰਫ਼ ਇਕ ਨਵਾਂ ਪ੍ਰਾਜੈਕਟ ਸ਼ਾਮਿਲ ਕੀਤਾ ਗਿਆ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਮਤ ਫੰਡਿੰਗ ਦੇਸ਼ ਭਰ 'ਚ ਵੱਡੇ ਜਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੇ ਸਮੇਂ ਸਿਰ ਪੂਰਾ ਹੋਣ 'ਤੇ ਚਿੰਤਾਵਾਂ ਪੈਦਾ ਕਰਦੀ ਹੈ | ਦਸਤਾਵੇਜ਼ਾਂ ਅਨੁਸਾਰ ਪ੍ਰਸਤਾਵਿਤ ਬਜਟ 'ਚ ਕਈ ਵੱਡੇ ਪ੍ਰਾਜੈਕਟ ਸ਼ਾਮਿਲ ਹਨ | ਜਿਨ੍ਹਾਂ 'ਚੋਂ ਦਾਸੂ ਪਣਬਿਜਲੀ ਪ੍ਰਾਜੈਕਟ ਅਤੇ ਡਾਇਮਰ-ਭਾਸ਼ਾ ਲਈ 25-25 ਅਰਬ ਰੁਪਏ, ਡਾਇਮਰ-ਭਾਸ਼ਾ ਡੈਮ ਲਈ ਜ਼ਮੀਨ ਪ੍ਰਾਪਤੀ ਲਈ 7 ਅਰਬ ਰੁਪਏ, ਮੋਹਮੰਦ ਡੈਮ ਲਈ 39 ਅਰਬ ਰੁਪਏ ਸਮੇਤ ਵਾਧੂ ਵੰਡਾਂ 'ਚ ਵਾਰਸ਼ਕ ਪਣਬਿਜਲੀ ਸਟੇਸ਼ਨ ਦੀ ਮੁਰੰਮਤ ਲਈ 4.28 ਅਰਬ ਰੁਪਏ ਅਤੇ ਕਾਚੀ ਨਹਿਰ ਪ੍ਰਾਜੈਕਟ ਲਈ 50 ਕਰੋੜ ਰੁਪਏ ਸ਼ਾਮਿਲ ਹਨ | ਕਰਾਚੀ ਗ੍ਰੇਟਰ ਵਾਟਰ ਸਪਲਾਈ ਪ੍ਰਾਜੈਕਟ ਨੂੰ 13 ਅਰਬ ਰੁਪਏ ਅਲਾਟ ਕੀਤੇ ਗਏ ਹਨ, ਜਦੋਂ ਕਿ ਸਿੰਧ ਨਦੀ 'ਤੇ ਟੈਲੀਮੈਟਰੀ ਸਿਸਟਮ ਦੀ ਸਥਾਪਨਾ ਲਈ 5.76 ਅਰਬ ਰੁਪਏ ਪ੍ਰਸਤਾਵਿਤ ਹਨ | ਹੋਰ ਵੰਡਾਂ 'ਚ ਮੰਗਲਾ ਡੈਮ ਦੇ ਵਿਸਥਾਰ ਲਈ 4.59 ਅਰਬ ਰੁਪਏ ਅਤੇ ਤਰਬੇਲਾ ਪੰਜਵੇਂ ਵਿਸਥਾਰ ਪ੍ਰਾਜੈਕਟ ਲਈ 3.40 ਅਰਬ ਰੁਪਏ ਸ਼ਾਮਿਲ ਹਨ | ਦਸਤਾਵੇਜ਼ਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਦਾਸੂ ਪਣਬਿਜਲੀ ਪ੍ਰਾਜੈਕਟ ਦੀ ਅਨੁਮਾਨਿਤ ਕੁੱਲ ਲਾਗਤ 1,737 ਅਰਬ ਰੁਪਏ ਤੋਂ ਵੱਧ ਹੈ | ਡਾਇਮਰ-ਭਾਸ਼ਾ ਡੈਮ ਦੀ ਲਾਗਤ 479 ਅਰਬ ਰੁਪਏ ਹੋਣ ਦਾ ਅਨੁਮਾਨ ਹੈ, ਜਿਸ 'ਚ ਇਸ ਦੇ ਪਾਵਰ ਹਾਊਸ ਹਿੱਸੇ ਲਈ 174 ਅਰਬ ਰੁਪਏ ਵਾਧੂ ਰੱਖੇ ਗਏ ਹਨ | ਮੋਹਮੰਦ ਡੈਮ ਦੀ ਸ਼ੁਰੂਆਤੀ ਅਨੁਮਾਨਿਤ ਲਾਗਤ 309 ਅਰਬ ਰੁਪਏ ਹੈ |
ਫ਼ੰਡਾਂ ਦੀ ਘਾਟ ਕਾਰਨ ਪਾਕਿਸਤਾਨ ਦੇ ਜਲ ਪ੍ਰਾਜੈਕਟਾਂ ਦਾ ਨੇਪਰੇ ਚੜ੍ਹਨਾ ਅਸੰਭਵ, ਜਲ ਪ੍ਰਾਜੈਕਟਾਂ ਦੇ ਬਜਟ 'ਚ 969 ਅਰਬ ਦੀ ਕਮੀ ਨੇ ਅਧਿਕਾਰੀਆਂ ਦੀ ਵਧਾਈ ਚਿੰਤਾ <br/>
ਅਜੀਤ ਡੈਸਕ
05-06-2026