24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭਾਜਪਾ ਹਾਈਕਮਾਨ ਦੀ ਨਜ਼ਰ ਪੰਜਾਬ 'ਤੇ ਨਿਤਿਨ ਨਬੀਨ ਦਾ ਦੌਰਾ ਬਣਿਆ ਚਰਚਾ ਦਾ ਕੇਂਦਰ <br/>

ਅਜੀਤ ਡੈਸਕ 10-06-2026

ਸੰਦੀਪ ਕੁਮਾਰ ਮਾਹਨਾ

ਚੰਡੀਗੜ੍ਹ, 9 ਜੂਨ-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ 20 ਤੇ 21 ਜੂਨ ਨੂੰ ਹੋਣ ਵਾਲੇ ਪੰਜਾਬ ਦੌਰੇ ਨੂੰ ਲੈ ਕੇ ਸੂਬਾ ਭਾਜਪਾ 'ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਪਾਰਟੀ ਦੇ ਜ਼ਿਲ੍ਹਾ ਅਤੇ ਮੰਡਲ ਪੱਧਰ ਦੇ ਆਗੂਆਂ ਨੂੰ ਦੌਰੇ ਦੀਆਂ ਤਿਆਰੀਆਂ ਲਈ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ, ਜਦਕਿ ਵੱਖ-ਵੱਖ ਜ਼ਿਲਿ੍ਹਆਂ ਵਿਚ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ | ਪਾਰਟੀ ਸੂਤਰਾਂ ਅਨੁਸਾਰ ਨਿਤਿਨ ਨਬੀਨ ਆਪਣੇ ਦੌਰੇ ਦੌਰਾਨ ਪੰਜਾਬ ਭਾਜਪਾ ਦੀ ਸੰਗਠਨਕ ਸਥਿਤੀ, ਮੈਂਬਰਸ਼ਿਪ ਮੁਹਿੰਮ, ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਤੇ ਵਰਕਰਾਂ ਨਾਲ ਸਿੱਧੇ ਸੰਵਾਦ 'ਤੇ ਵਿਸ਼ੇਸ਼ ਧਿਆਨ ਦੇ ਸਕਦੇ ਹਨ | ਇਸ ਤੋਂ ਇਲਾਵਾ ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਬੈਠਕਾਂ ਕਰਕੇ ਸੂਬੇ ਦੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣਗੇ | ਪਿਛਲੇ ਦਿਨੀਂ ਸੂਬਾ ਸੰਗਠਨ ਮਹਾਮੰਤਰੀ ਮੰਥਰੀ ਸ਼੍ਰੀਨਿਵਾਸੁਲੂ ਵਲੋਂ ਲੁਧਿਆਣਾ 'ਚ ਕੀਤੀ ਗਈ ਮੀਟਿੰਗ ਨੂੰ ਵੀ ਇਸੇ ਦੌਰੇ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਮੀਟਿੰਗ ਦੌਰਾਨ ਵਰਕਰਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤੇ ਹਰ ਪੱਧਰ 'ਤੇ ਸੰਗਠਨ ਨੂੰ ਸਰਗਰਮ ਰੱਖਿਆ ਜਾਵੇ | ਸਿਆਸੀ ਹਲਕਿਆਂ ਵਿਚ ਇਸ ਦੌਰੇ ਨੂੰ ਸੂਬਾ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ | ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਾਸ਼ਟਰੀ ਪ੍ਰਧਾਨ ਪੰਜਾਬ ਇਕਾਈ ਦੀ ਕਾਰਗੁਜ਼ਾਰੀ ਦਾ ਨੇੜਿਓਾ ਜਾਇਜ਼ਾ ਲੈਣਗੇ | ਨਿਤਿਨ ਨਬੀਨ ਦੇ ਦੌਰੇ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸੰਭਾਵੀ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੀ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ | ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਭਵਿੱਖ ਦੀ ਸਿਆਸਤ ਵਿਚ ਅਹਿਮ ਚਿਹਰੇ ਵਜੋਂ ਦੇਖਿਆ ਜਾ ਰਿਹਾ ਹੈ | ਭਾਵੇਂ ਪਾਰਟੀ ਵਲੋਂ ਅਧਿਕਾਰਕ ਤੌਰ 'ਤੇ ਮੁੱਖ ਮੰਤਰੀ ਦੇ ਚਿਹਰੇ ਸਬੰਧੀ ਕੋਈ ਸੰਕੇਤ ਨਹੀਂ ਦਿੱਤਾ ਗਿਆ, ਪਰ 2027 ਦੀਆਂ ਚੋਣਾਂ ਨੇੜੇ ਆਉਣ ਨਾਲ ਇਸ ਤਰ੍ਹਾਂ ਦੀਆਂ ਚਰਚਾਵਾਂ ਲਗਾਤਾਰ ਵਧ ਰਹੀਆਂ ਹਨ |
ਬਿੱਟੂ ਦੀ ਸਰਗਰਮੀ ਵੀ ਬਣੀ ਚਰਚਾ ਦਾ ਵਿਸ਼ਾ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਿਛਲੇ ਕੱੁਝ ਮਹੀਨਿਆਂ ਤੋਂ ਪੰਜਾਬ ਵਿਚ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ | ਵੱਖ-ਵੱਖ ਜਨਤਕ ਸਮਾਗਮਾਂ ਤੇ ਸੰਗਠਨਕ ਪ੍ਰੋਗਰਾਮਾਂ 'ਚ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਸਿਆਸੀ ਮਾਹਿਰਾਂ ਵਲੋਂ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ | ਉਨ੍ਹਾਂ ਦੀ ਵਧਦੀ ਸਰਗਰਮੀ ਕਾਰਨ ਇਹ ਵੀ ਚਰਚਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉਤਰ ਸਕਦੇ ਹਨ |
ਦੂਜੇ ਪਾਸੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਭਾਜਪਾ ਪੰਜਾਬ 'ਚ ਆਪਣਾ ਸੰਗਠਨਕ ਅਧਾਰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਅਜਿਹੇ 'ਚ ਨਿਤਿਨ ਨਬੀਨ ਦਾ ਇਹ ਦੌਰਾ ਸਿਰਫ਼ ਇਕ ਆਮ ਵਾਂਗ ਸੰਗਠਨਾਤਮਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਵਿਚ ਪਾਰਟੀ ਦੀ ਭਵਿੱਖੀ ਰਣਨੀਤੀ ਤੇ ਸਿਆਸੀ ਦਿਸ਼ਾ ਨੂੰ ਤੈਅ ਕਰਨ ਵਾਲਾ ਅਹਿਮ ਪੜਾਅ ਸਾਬਤ ਹੋ ਸਕਦਾ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸਾਂ ਦੇ ਬੇੜੇ ਦਾ ਵਿਸਥਾਰ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 2 ਘੰਟੇ ਲਈ ਕੀਤਾ ਟੋਲ ਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।