ਅਟਾਰੀ ਸਰਹੱਦ, (ਅੰਮਿ੍ਤਸਰ) 10 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਜਾਣ ਲਈ ਭਾਰਤੀ ਅਟਾਰੀ ਸਰਹੱਦ 'ਤੇ ਪਹੁੰਚੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਥੇ ਨੂੰ ਭਾਰਤ ਸਰਕਾਰ ਵਲੋਂ ਪਾਕਿਸਤਾਨ ਜਾਣ ਦੀ ਆਗਿਆ ਨਾ ਦਿੱਤੇ ਜਾਣ 'ਤੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ ਹੈ | ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ 105 ਮੈਂਬਰਾਂ ਵਿਚੋਂ ਕਰੀਬ ਹਰਿਆਣਾ ਸੂਬੇ ਦੇ 99 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ | ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਭਾਰਤੀ ਗ੍ਰਹਿ ਵਿਭਾਗ ਨੂੰ ਇਸ ਦੀ ਜਾਂਚ ਨਾ ਕੀਤੇ ਜਾਣ ਕਰਕੇ ਤੇ ਭਾਰਤੀ ਇੰਮੀਗ੍ਰੇਸ਼ਨ ਦੇ ਲਿਸਟ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਸ਼ਰਧਾਲੂਆਂ ਦੇ ਨਾਮ ਸ਼ਾਮਿਲ ਨਾ ਹੋਣ ਕਰਕੇ ਇਨ੍ਹਾਂ ਸ਼ਰਧਾਲੂਆਂ ਨੂੰ ਭਾਰਤੀ ਇੰਮੀਗ੍ਰੇਸ਼ਨ ਵਲੋਂ ਅਟਾਰੀ ਸਰਹੱਦ ਤੋਂ ਵਾਪਸ ਹਰਿਆਣਾ ਪਰਤਣ ਲਈ ਕਿਹਾ ਗਿਆ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਹਰਿਆਣਾ ਕਮੇਟੀ ਦੇ ਜਥਾ ਲੀਡਰ ਨੇ ਦੱਸਿਆ ਕਿ ਉਨ੍ਹਾਂ ਦੀ ਭਾਰਤ ਸਰਕਾਰ ਨਾਲ ਹਰਿਆਣਾ ਗ੍ਰਹਿ ਵਿਭਾਗ ਵਲੋਂ ਗੱਲਬਾਤ ਚੱਲ ਰਹੀ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਾਣ ਦੀ ਇਜਾਜ਼ਤ ਮਿਲ ਜਾਵੇਗੀ |