ਜੰਮੂ, 20 ਜੁਲਾਈ (ਪੀ.ਟੀ.ਆਈ.)-ਸੋਮਵਾਰ ਨੂੰ ਜੰਮੂ ’ਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ 4 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਪਿਛਲੇ ਦੋ ਦਿਨਾਂ ’ਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਹੜ੍ਹ ਪ੍ਰਭਾਵਿਤ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ’ਚ ਲਗਾਤਾਰ ਭਾਰੀ ਬਾਰਿਸ਼ ਬਚਾਅ ਅਤੇ ਰਾਹਤ ਕਾਰਜਾਂ ’ਚ ਰੁਕਾਵਟ ਪਾ ਰਹੀ ਹੈ, ਅਤੇ ਘੱਟੋ-ਘੱਟ 7 ਲੋਕ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਘਟਨਾ ਡੋਡਾ ਜ਼ਿਲ੍ਹੇ ’ਚ ਵਾਪਰੀ, ਜਿੱਥੇ ਸਵੇਰੇ 9:30 ਵਜੇ ਦੇ ਕਰੀਬ ਭਾਰੀ ਬਾਰਿਸ਼ ਦੌਰਾਨ ਜੰਮੂ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ ’ਤੇ ਰਾਗੀ ਨਾਲੇ ਨੇੜੇ ਪਹਾੜੀ ਤੋਂ ਪੱਥਰ ਡਿੱਗ ਗਿਆ।ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਅਤੇ 7 ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ’ਚੋਂ ਇਕ, ਜਿਸਦੀ ਪਛਾਣ ਮਨੀਸ਼ ਕੁਮਾਰ ਵਜੋਂ ਹੋਈ, ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੇ ਗਏ ਵਾਹਨ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਈਵੇਅ ਬੰਦ ਰਿਹਾ ਕਿਉਂਕਿ ਇਲਾਕੇ ’ਚ ਕੁਝ ਨਿੱਜੀ ਵਾਹਨਾਂ ’ਤੇ ਪੱਥਰ ਡਿੱਗ ਗਏ। ਬੇਸ਼ੱਕ, ਵਾਹਨਾਂ ’ਚ ਸਵਾਰ ਲੋਕ ਸੁਰੱਖਿਅਤ ਬਚ ਗਏ। ਇਕ ਹੋਰ ਘਟਨਾ ’ਚ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਦੇਵੀ ਨਾਂਅ ਦੀ ਔਰਤ ਦੀ ਜ਼ਿਲ੍ਹੇ ਦੇ ਕਾਸ਼ਤੀਗੜ੍ਹ ਖੇਤਰ ’ਚ ਉਸਦੇ ਘਰ ਦੇ ਨੇੜੇ ਇਕ ਪੱਥਰ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਅਹਿਮਦ ਦੀ ਲਾਸ਼, ਜੋ ਕਿ ਅਚਾਨਕ ਹੜ੍ਹਾਂ ’ਚ ਵਹਿ ਗਈ ਸੀ, ਸਵੇਰੇ ਰਾਜੌਰੀ ਸ਼ਹਿਰ ਦੇ ਸਲਾਨੀ ਖੇਤਰ ’ਚ ਨਦੀ ’ਚੋਂ ਬਰਾਮਦ ਕੀਤੀ ਗਈ।
ਜੰਮੂ-ਕਸ਼ਮੀਰ ’ਚ ਮੀਂਹ ਕਾਰਨ 4 ਮੌਤਾਂ; ਹੜ੍ਹ ਪ੍ਰਭਾਵਿਤ ਪੁਣਛ ਤੇ ਰਾਜੌਰੀ ’ਚ ਬਚਾਅ ਕਾਰਜਾਂ ’ਚ ਰੁਕਾਵਟ ਆਈ
ਅਜੀਤ ਡੈਸਕ
21-07-2026