02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪੰਜਾਬ ਦੀ ਤਕਦੀਰ ਬਦਲਣ ਲਈ ਸਿਆਸੀ ਪਾਰਟੀ ਬਣਾ ਕੇ ਚੋਣ ਮੈਦਾਨ ’ਚ ਉਤਰਾਂਗੇ-ਅਮਿਤੋਜ ਸਿੰਘ ਮਾਨ ਸੱਤਾ ’ਤੇ ਕਾਬਜ਼ ਰਹੀਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ

ਅਜੀਤ ਡੈਸਕ 01-08-2026
ਪੇਸ਼ਕਸ਼ : ਜਸਪਾਲ ਸਿੰਘ

ਜਲੰਧਰ, 31 ਜੁਲਾਈ-ਫਿਲਮੀ ਅਦਾਕਾਰ ਤੋਂ ਸਮਾਜ ਸੇਵਕ ਬਣੇ ਅਮਿਤੋਜ ਸਿੰਘ ਮਾਨ ਜਲਦ ਹੀ ਪੰਜਾਬ ਦੀ ਸਿਆਸੀ ਧਰਾਤਲ ’ਤੇ ਇਕ ਸਿਆਸੀ ਆਗੂ ਵਜੋਂ ਵਿਚਰਦੇ ਨਜ਼ਰ ਆਉਣਗੇ ਤੇ ਉਹ ਆਪਣਾ ਇਹ ਕਿਰਦਾਰ ਕਿਸ ਤਰ੍ਹਾਂ ਨਾਲ ਨਿਭਾਉਂਦੇ ਹਨ ਤੇ ਪੰਜਾਬ ਦੇ ਲੋਕ ਇਸ ਨੂੰ ਕਿੰਨਾ ਕੁ ਪਸੰਦ ਕਰਦੇ ਹਨ ਇਹ ਤਾਂ ਆਉਣ ਵਾਲੀਆਂ 2027 ਦੀਆਂ ਚੋਣਾਂ ਹੀ ਤੈਅ ਕਰਨਗੀਆਂ ਪਰ ਫਿਲਹਾਲ ਅਮਿਤੋਜ ਸਿੰਘ ਮਾਨ ਆਪਣੇ ਇਸ ਨਵੇਂ ਕਿਰਦਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਤੇ ਆਸਵੰਦ ਹਨ। ਆਪਣੀ ਇਸ ਨਵੀਂ ਪਾਰੀ ਬਾਰੇ ਉਨ੍ਹਾਂ ‘ਅਜੀਤ’ ਨਾਲ ਇਕ ਵਿਸ਼ੇਸ ਮੁਲਾਕਾਤ ਦੌਰਾਨ ਖੁੱਲ੍ਹ ਕੇ ਚਰਚਾ ਕੀਤੀ ਤੇ ਕਿਹਾ ਕਿ ਇਹ ਨਵੀਂ ਪਾਰਟੀ ਲੋਕਾਂ ਦੀਆਂ ਆਸਾਂ, ਉਮੀਦਾਂ ’ਤੇ ਪੂਰਾ ਹੀ ਨਹੀਂ ਉਤਰੇਗੀ ਬਲਕਿ ਬਾਕਾਇਦਾ ਇਕ ਵਿਜ਼ਨ ਡਾਕੂਮੈਂਟ ਭਾਵ ਹਰ ਮੁੱਦੇ ’ਤੇ ਆਪਣਾ ਸਪੱਸ਼ਟ ਦ੍ਰਿਸ਼ਟੀਕੋਣ ਤੇ ਸੋਚ ਲੈ ਕੇ ਲੋਕਾਂ ’ਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੱਤਾ ’ਤੇ ਕਾਬਜ਼ ਰਹੀਆਂ ਤਕਰੀਬਨ ਸਾਰੀਆਂ ਹੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਜਿੱਥੇ ਪੰਜਾਬ ਦਾ ਹਰ ਪੱਖ ਤੋਂ ਵੱਡਾ ਨੁਕਸਾਨ ਕੀਤਾ, ਉੱਥੇ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਕੰਮ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਤੇ ਸਕੂਲਾਂ ’ਚ ਜਿੱਥੇ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਤੇ ਅਧਿਆਪਕਾਂ ਦੇ ਗੈਰ ਵਿੱਦਿਅਕ ਕੰਮਾਂ ’ਚ ਰੁੱਝੇ ਹੋਣ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕ ਕੈਂਸਰ ਵਰਗੀਆਂ ਨਾਮੁਰਾਦ ਵਰਗੀਆਂ ਬਿਮਾਰੀਆਂ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਪੱਖ ਤੋਂ ਵੀ ਪੰਜਾਬ ਲਗਾਤਾਰ ਕੰਗਾਲ ਹੁੰਦਾ ਜਾ ਰਿਹਾ ਹੈ ਤੇ ਕਰਜ਼ਾ ਚੁੱਕ-ਚੁੱਕ ਕੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਅਮਨ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਨਾਲ ਡਗਮਗਾ ਗਈ ਹੈ। ਦਰਿਆਈ ਪਾਣੀਆਂ ਦੀ ਰਾਖੀ ਕਰਨ ’ਚ ਵੀ ਸਰਕਾਰਾਂ ਨਾਕਾਮ ਰਹੀਆਂ ਹਨ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਈ. ਡੀ. ਤੇ ਸੀ. ਬੀ. ਆਈ. ਦਾ ਡਰਾਵਾ ਦੇ ਕੇ ਚੁੱਪ ਕਰਾਇਆ ਜਾ ਰਿਹਾ ਹੈ। ਰੇਤਾ ’ਚ 21 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਵਾਲੀ ਸਰਕਾਰ ਦੇ ਰਾਜ ’ਚ ਇਹ ਆਮਦਨ 300 ਕਰੋੜ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਹੈ। ਨਸ਼ੇ ਵੀ ਹਰ ਮੋੜ ’ਤੇ ਵਿਕ ਰਹੇ ਹਨ ਤੇ ਜਵਾਨੀ ਮੌਤ ਦੇ ਮੂੰਹ ’ਚ ਜਾ ਰਹੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਮਸਲਿਆਂ ’ਤੇ ਲਾਮਬੰਦੀ ਕਰਨ ’ਚ ਅਸਫਲ ਰਹੀ ਹੈ। ਅਜਿਹੇ ਹਾਲਾਤ ’ਚ ਜਦੋਂ ਪੰਜਾਬ ਦਾ ਨੌਜਵਾਨ ਬੇਹੱਦ ਨਿਰਾਸ਼ਾ ਤੇ ਹਤਾਸ਼ਾ ਦਾ ਆਲਮ ’ਚ ਹੈ ਤਾਂ ਇਕ ਨਵੀਂ ਤੇ ਨਰੋਈ ਸੋਚ ਵਾਲੀ ਪਾਰਟੀ ਹੀ ਉਨ੍ਹਾਂ ਦੀਆਂ ਉਮੀਦਾਂ ਨੂੰ ਖੰਭ ਲਾ ਸਕਦੀ ਹੈ। ਅਮਿਤੋਜ ਸਿੰਘ ਮਾਨ ਨੇ ਕਿਹਾ ਕਿ ਨਵੀਂ ਪਾਰਟੀ ਸਿਹਤ, ਸਿੱਖਿਆ ਤੇ ਆਰਥਿਕ ਹਾਲਾਤ ਤੋਂ ਇਲਾਵਾ ਪੁਲਿਸ ਸੁਧਾਰਾਂ ਸਮੇਤ ਹਰ ਖੇਤਰ ’ਚ ਇਕ ਵਿਆਪਕ ਨੀਤੀ ਤੇ ਦ੍ਰਿਸ਼ਟੀਕੋਣ ਲੋਕਾਂ ਦੇ ਸਾਹਮਣੇ ਰੱਖੇਗੀ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੋਣਾਂ ਦਾ ਵਜਾਇਆ ‘ਬਿਗੁਲ’ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਕੀਤ... ਅਗਲੀ ਖ਼ਬਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਤੇ ਸਫ਼ਾਈ ਕਰਮਚਾਰੀਆਂ ’ਤੇ ਜ਼ੁਲਮ ਬਰਦਾਸ਼ਤ ਨਹੀਂ-ਸੁਖਬੀਰ ਬਰਨਾਲਾ ਲਾਠੀਚਾਰਜ ਦੀ ਨਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।