02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਾਂਗਰਸ ਪਾਰਟੀ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੋਣਾਂ ਦਾ ਵਜਾਇਆ ‘ਬਿਗੁਲ’ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਜੀਤ ਡੈਸਕ 01-08-2026
ਫ਼ਤਹਿਗੜ੍ਹ ਸਾਹਿਬ, 31 ਜੁਲਾਈ (ਬਲਜਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਵੱਡੇ ਪੱਧਰ ਦੀ ਵਰਕਰ ਲਾਮਬੰਦੀ ਤਹਿਤ ‘ਹਰ ਬੂਥ,ਕਾਂਗਰਸ ਮਜ਼ਬੂਤ’ ਮੁਹਿੰਮ ਦੀ ਸ਼ੁਰੂਆਤ ਕਰਕੇ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਦੇਖ-ਰੇਖ ਹੇਠ ਸੋਹਣ ਫਾਰਮ ਸਰਹਿੰਦ ਵਿਖੇ ਰੱਖੇ ਸਮਾਗਮ ਦੀ ਅਗਵਾਈ ਪੰਜਾਬ ਮਾਮਲਿਆਂ ਦੇ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ ਨੇ ਕੀਤੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਭੂਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਵਿਚਾਲੇ ਚੋਣ ਮੁਕਾਬਲਾ ਹੁੰਦਾ ਸੀ, ਪਰ ਇਸ ਵਾਰ ਸਿਆਸੀ ਹਾਲਾਤ ਬਦਲ ਚੁੱਕੇ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਪੰਜ-ਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਅਨੁਸਾਰ ਇਸ ਮੁਕਾਬਲੇ ਵਿਚ ਕਾਂਗਰਸ ਦਾ ਸਾਹਮਣਾ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ) ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਹੋਵੇਗਾ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਜਿੱਤਣ ਲਈ ਸਭ ਤੋਂ ਵੱਡੀ ਭੂਮਿਕਾ ਬੂਥ ਪ੍ਰਬੰਧਨ ਦੀ ਹੁੰਦੀ ਹੈ ਤੇ ਲੀਡਰਸ਼ਿਪ ਇਕੱਲੀ ਚੋਣਾਂ ਨਹੀਂ ਲੜਦੀ, ਸਗੋਂ ਬੂਥ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਦਾ ਉਤਸ਼ਾਹ, ਸਮਰਪਣ ਅਤੇ ਮਿਹਨਤ ਹੀ ਚੋਣਾਂ ਦੇ ਨਤੀਜੇ ਤੈਅ ਕਰਦੀ ਹੈ। ਇਸ ਲਈ ਹਰ ਵਰਕਰ ਨੂੰ ਆਪਣੇ ਬੂਥ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਪੰਜਾਬ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦਾ ਪੰਜਾਬ ਵਿਚ ਸਮਾਂ ਮੁੱਕਣ ਵਾਲਾ ਹੈ ਅਤੇ ਸੂਬੇ ਲਈ ਕਾਂਗਰਸ ਹੀ ਇਕਲੌਤਾ ਬਦਲ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਜ਼ਬੂਤ ਅਤੇ ਇੱਕਜੁੱਟ ਹੈ। ਹਾਲਾਂਕਿ ਵਿਚਾਰਾਂ ਵਿਚ ਅੰਤਰ ਹੋਣਾ ਸੁਭਾਵਿਕ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਕਾਂਗਰਸ ਦੇ ਅੰਦਰਲੇ ਮਾਮੂਲੀ ਮਤਭੇਦਾਂ ਨੂੰ ਤਾਂ ਵੱਡਾ ਕਰਕੇ ਦਿਖਾਉਂਦਾ ਹੈ, ਜਦਕਿ ਇਹ ਨਹੀਂ ਦੱਸਦਾ ਕਿ ਆਮ ਆਦਮੀ ਪਾਰਟੀ ਦੇ 6 ਸੰਸਦ ਮੈਂਬਰ ਭਾਜਪਾ ਵਿਚ ਜਾ ਚੁੱਕੇ ਹਨ ਅਤੇ 60 ਤੋਂ ਵੱਧ ਵਿਧਾਇਕ ਭਾਜਪਾ ਨਾਲ ਸੰਪਰਕ ਵਿਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨਾਲ ਸੰਬੰਧਾਂ ਕਾਰਨ ਆਮ ਆਦਮੀ ਪਾਰਟੀ 60 ਤੋਂ ਵੱਧ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਜਾ ਰਹੀ ਹੈ। ਵੜਿੰਗ ਨੇ ਕਿਹਾ ਕਿ ਭਾਵੇਂ ਉਹ ਪਾਰਟੀ ਵਿਚ ਜੂਨੀਅਰ ਹਨ, ਫਿਰ ਵੀ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਹਨ। ਪਾਰਟੀ ਵਿਚ ਉਨ੍ਹਾਂ ਨਾਲੋਂ ਕਈ ਸੀਨੀਅਰ ਅਤੇ ਯੋਗ ਆਗੂ ਹਨ, ਜਿਵੇਂ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਆਦਿ, ਜਿਨ੍ਹਾਂ ਦਾ ਉਹ ਹਮੇਸ਼ਾ ਸਤਿਕਾਰ ਕਰਦੇ ਹਨ। ਵੜਿੰਗ ਨੇ ਸਪਸ਼ਟ ਕੀਤਾ ਕਿ ਸੂਬਾ ਕਾਂਗਰਸ ਦੀ ਪ੍ਰਧਾਨਗੀ ਤਾਂ ਛੱਡੋ, ਜੇਕਰ ਮੈਨੂੰ ਟਿਕਟ ਵੀ ਨਾ ਮਿਲੇ ਤਾਂ ਵੀ ਮੈਂ ਕਾਂਗਰਸ ਨਾਲ ਹੀ ਰਹਾਂਗਾ ਅਤੇ ਕਾਂਗਰਸੀ ਵਜੋਂ ਹੀ ਮਰਾਂਗਾ। ਇਸ ਸਮਾਗਮ ਨੂੰ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸੰਸਦ ਮੈਂਬਰ ਡਾ.ਅਮਰ ਸਿੰਘ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਡਾ. ਰਾਜ ਕੁਮਾਰ ਵੇਰਕਾ, ਹੇਨਾ ਕੈਵਰੇ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਲਬੀਰ ਜ਼ੀਰਾ, ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ’ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਸਾਬਕਾ ਕੌਂਸਲ ਪ੍ਰਧਾਨ ਜਗਮੀਤ ਸਿੰਘ ਸਹੋਤਾ, ਕਸਤੂਰੀ ਲਾਲ ਮਿੰਟੂ, ਇੰਟਕ ਕਾਂਗਰਸ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਯਾਦਵ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰ, ਬਲਾਕਾਂ ਦੇ ਪ੍ਰਧਾਨ ਅਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਾਮਚੁਰਾਸੀ ਦਾ ਕੱਪੜਾ ਵਪਾਰੀ ਭੇਦਭਰੀ ਹਾਲਤ ’ਚ ਲਾਪਤਾ ਅਗਲੀ ਖ਼ਬਰ ਪੰਜਾਬ ਦੀ ਤਕਦੀਰ ਬਦਲਣ ਲਈ ਸਿਆਸੀ ਪਾਰਟੀ ਬਣਾ ਕੇ ਚੋਣ ਮੈਦਾਨ ’ਚ ਉਤਰਾਂਗੇ-ਅਮਿਤੋਜ ਸਿੰਘ ਮਾਨ ਸੱਤਾ ’ਤੇ ਕਾਬਜ਼ ਰਹੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।