ਅਕਾਲੀ ਦਲ (ਵਾਰਿਸ ਪੰਜਾਬ ਦੇ) ਜਲਦ ਹੀ ਰਾਜ ਭਰ ’ਚ ਹਲਕਾ ਇੰਚਾਰਜ ਥਾਪੇਗਾ-ਤਰਸੇਮ ਸਿੰਘ
ਪੰਜਾਬ ਨੂੰ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ-ਇਆਲੀ
ਭੀਖੀ (ਮਾਨਸਾ), 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸਰਪ੍ਰਸਤ ਅਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਦੱਸਣਾ ਹੈ ਕਿ ਉਨ੍ਹਾਂ ਦਾ ਦਲ ਜਲਦ ਹੀ ਪੰਜਾਬ ਭਰ ਦੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਥਾਪ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ 5 ਮੈਂਬਰੀ ਕਮੇਟੀ ਸਰਗਰਮ ਹੈ ਅਤੇ 10 ਸਤੰਬਰ ਤੋਂ ਪਹਿਲਾਂ 60-65 ਹਲਕਿਆਂ ਦੇ ਇੰਚਾਰਜ ਲਗਾ ਦਿੱਤੇ ਜਾਣਗੇ।
ਭੀਖੀ (ਮਾਨਸਾ), 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸਰਪ੍ਰਸਤ ਅਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਦੱਸਣਾ ਹੈ ਕਿ ਉਨ੍ਹਾਂ ਦਾ ਦਲ ਜਲਦ ਹੀ ਪੰਜਾਬ ਭਰ ਦੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਥਾਪ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ 5 ਮੈਂਬਰੀ ਕਮੇਟੀ ਸਰਗਰਮ ਹੈ ਅਤੇ 10 ਸਤੰਬਰ ਤੋਂ ਪਹਿਲਾਂ 60-65 ਹਲਕਿਆਂ ਦੇ ਇੰਚਾਰਜ ਲਗਾ ਦਿੱਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਹਲਕਾ ਇੰਚਾਰਜ ਹੀ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਸੰਭਾਵੀਂ ਉਮੀਦਵਾਰ ਹੋਣਗੇ। ਉਹ ਬੀ.ਐਮ.ਜੀ. ਰਿਜਾਰਟ ਭੀਖੀ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੂੰ ਪਾਰਟੀ ’ਚ ਸ਼ਾਮਿਲ ਕਰਵਾਉਣ ਲਈ ਆਏ ਸਨ। ਸਮਾਗਮ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਥਕ ਧਿਰਾਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਪੰਥਕ ਧਿਰਾਂ ਦਾ ਇੱਕਮੁੱਠ ਹੋਣਾ ਸਮੇਂ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ’ਚ ਤਰਸੇਮ ਸਿੰਘ ਨੇ ਦੱਸਿਆ ਕਿ ਪਾਰਟੀ ਲੀਡਰਸ਼ਿਪ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰਨਾਂ ਆਗੂਆਂ ਤੱਕ ਵੀ ਦਲ ’ਚ ਸ਼ਾਮਿਲ ਹੋਣ ਲਈ ਪਹੁੰਚ ਕਰੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਸਿੱਖ ਮਸਲਿਆਂ ਦੇ ਨਾਲ ਹੀ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਚੋਣ ਮੁੱਦਾ ਬਣਾਇਆ ਜਾਵੇਗਾ ਅਤੇ ਜੇਕਰ ਸਰਕਾਰ ਗਠਿਤ ਹੁੰਦੀ ਹੈ ਤਾਂ ਸਾਰੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੋਣ ਲੜਾਉਣ ਦੀਆਂ ਚਰਚਾਵਾਂ ਬਾਰੇ ਪੁੱਛਣ ’ਤੇ ਉਨ੍ਹਾਂ ਸਪਸ਼ਟ ਕਿਹਾ ਕਿ ਇਹ ਫ਼ੈਸਲਾ ਪਾਰਟੀ ਨੇ ਕਰਨਾ ਹੈ ਅਤੇ ਸੰਗਤਾਂ ਜੇ ਚਾਹੁਣਗੀਆਂ ਤਾਂ ਵਿਚਾਰਿਆਂ ਵੀ ਜਾ ਸਕਦਾ ਹੈ। ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਰਾਜ ਦੇ ਮੌਜੂਦਾ ਰਾਜਸੀ ਹਲਾਤਾਂ ਨੂੰ ਦੇਖਦਿਆਂ ਸੂਬੇ ’ਚ ਮਜ਼ਬੂਤ ਖੇਤਰੀ ਪਾਰਟੀ ਦੀ ਜ਼ਰੂਰਤ ਹੈ। ਇਆਲੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਆਪਸੀ ਵਖਰੇਵੇਂ ਭੁਲਾ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਸਹਿਯੋਗ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਪਾਰਟੀ ਨੂੰ ਦਿਨੋਂ-ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੰਦੀ ਸਿੰਘਾਂ ਤੇ ਹੋਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨ ਲਈ ਬੇਵਜ੍ਹਾ ਅੜਿੱਕੇ ਖੜ੍ਹੇ ਕਰ ਰਹੀ ਹੈ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਰਾਜਾ ਰਾਮ ਸਿੰਘ ਜਥੇਦਾਰ ਅਰਬਾਂ ਖਰਬਾਂ ਦਲ, ਮਰਹੂਮ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਅਵਤਾਰ ਸਿੰਘ ਜਵਾਹਰਕੇ ਆਦਿ ਹਾਜ਼ਰ ਸਨ।