ਰਾਏਕੋਟ, 14 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਭਿ੍ਸ਼ਟਾਚਾਰ ਵਿਰੁੱਧ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਪ੍ਰੰਤੂ ਕਈ ਵਿਭਾਗਾਂ ਦੇ ਅਧਿਕਾਰੀ ਇਸ ਮੁਹਿੰਮ ਨੂੰ ਤਾਰਪੀਡੋ ਕਰ ਰਹੇ ਹਨ | ਜਿਸ ਦੀ ਮਿਸਾਲ ਰਾਏਕੋਟ ਵਿਖੇ ਖ਼ਾਦ, ਕੀਟ-ਨਾਸ਼ਕ ਤੇ ਬੀਜ ਵਿਕ੍ਰੇਤਾਵਾਂ ਵਲੋਂ ਕੀਤੀਆਂ ਸ਼ਿਕਾਇਤਾਂ ਤੋਂ ਮਿਲ ਰਹੀ ਹੈ ਅਤੇ ਪੰਜਾਬ ਭਰ ਦੇ ਕਈ ਵਿਭਾਗਾਂ ਵਿਚ ਰਿਸ਼ਵਤਖੋਰੀ ਦਾ ਪੂਰੀ ਤਰ੍ਹਾਂ ਬੋਲ-ਬਾਲਾ ਹੋਣ ਕਾਰਨ ਕਾਰੋਬਾਰੀਆਂ ਦਾ ਆਰਥਿਕ ਸੋਸ਼ਣ ਹੋ ਰਿਹਾ ਹੈ | ਪਿਛਲੇ ਦਿਨੀਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਰਾਏਕੋਟ ਦੇ ਕੁਝ ਖ਼ਾਦ ਡੀਲਰਾਂ ਤੋਂ ਮੋਟੀਆਂ ਰਿਸ਼ਵਤਾਂ ਮੰਗਣ ਦਾ ਮਾਮਲਾ ਖੇਤੀਬਾੜੀ ਵਿਭਾਗ, ਖੇਤੀਬਾੜੀ ਮੰਤਰੀ ਸਮੇਤ ਸੂਬਾ ਸਰਕਾਰ ਨੂੰ ਭਾਰੀ ਪੈ ਸਕਦਾ ਹੈ | ਸੂਤਰਾਂ ਅਨੁਸਾਰ ਇਸ ਮਾਮਲੇ ਦੇ ਸਬੰਧ 'ਚ ਕੁੱਲ 54 ਡੀਲਰਾਂ ਵਿਚੋਂ 23 ਡੀਲਰਾਂ ਵਲੋਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਏ.ਡੀ.ਓ. ਖ਼ਿਲਾਫ਼ ਹਲਫ਼ੀਆ ਬਿਆਨ ਦਿੱਤੇ ਜਾ ਚੁੱਕੇ ਹਨ | ਅੱਜ ਵਿਭਾਗ ਦੇ ਕੁਝ ਅਧਿਕਾਰੀਆਂ ਤੇ ਸਾਬਕਾ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਠੱਪ ਕਰਨ ਲਈ ਕਈ ਡੀਲਰਾਂ ਕੋਲ ਬੰਦ ਕਮਰਾ ਮੀਟਿੰਗਾਂ ਕੀਤੀਆਂ, ਜੋ ਸ਼ਾਮ 4 ਵਜੇ ਤੱਕ ਬੇਸਿੱਟਾ ਰਹੀਆਂ | ਮਾਮਲਾ ਇਹ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਚ ਤਾਇਨਾਤ ਏ.ਡੀ.ਓ. (ਪੀ.ਪੀ) ਨਵਦੀਪ ਕੁਮਾਰ ਵਲੋਂ ਕਥਿਤ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਰਾਏਕੋਟ ਅਤੇ ਆਸ-ਪਾਸ ਪਿੰਡਾਂ 'ਚ ਖਾਦ, ਕੀਟਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਦੂਜੇ ਦਿਨ ਵੀ ਬੰਦ ਰੱਖਿਆ ਗਿਆ | ਦੱਸਣਯੋਗ ਹੈ ਕਿ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਕਤ ਅਧਿਕਾਰੀ ਖ਼ਿਲਾਫ਼ ਜਲਦ ਤੋਂ ਜਲਦ ਵਿਭਾਗੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਜਿੱਥੇ ਰਾਏਕੋਟ ਸਮੇਤ ਆਸਪਾਸ ਪਿੰਡਾਂ ਦੇ ਡੀਲਰ ਸੰਘਰਸ਼ ਨੂੰ ਤੇਜ਼ ਕਰਨਗੇ, ਉੱਥੇ ਹੀ 16 ਫਰਵਰੀ ਤੋਂ ਇਸ ਸੰਘਰਸ਼ ਨੂੰ ਜ਼ਿਲ੍ਹਾ ਪੱਧਰ ਤੱਕ ਲਿਜਾਣ ਦੀਆਂ ਕੰਨਸੋਆ ਪ੍ਰਾਪਤ ਹੋਈਆਂ ਹਨ | ਸੂਤਰਾਂ ਅਨੁਸਾਰ ਇਸ ਖੇਤੀਬਾੜੀ ਅਧਿਕਾਰੀ ਦੇ ਸਿਰ 'ਤੇ ਜ਼ਿਲ੍ਹਾ ਲੁਧਿਆਣਾ ਦੇ ਇਕ ਕੈਬਨਿਟ ਮੰਤਰੀ ਦਾ ਹੱਥ ਹੋਣਾ ਮੰਨਿਆ ਜਾ ਰਿਹਾ ਹੈ, ਜਿਸ ਵਲੋਂ ਉਕਤ ਅਧਿਕਾਰੀ ਦੀ ਇਕ ਮਹੀਨੇ ਬਾਅਦ ਦੁਬਾਰਾ ਇਸੇ ਪੋਸਟ ਉੱਪਰ ਬਦਲੀ ਕਰਵਾਈ ਗਈ ਹੈ, ਜੋ ਪੰਜਾਬ ਸਰਕਾਰ ਦੇ ਭਿ੍ਸ਼ਟਾਚਾਰ ਰੋਕੂ ਕਦਮਾਂ 'ਤੇ ਵੱਡਾ ਸਵਾਲੀਆ ਚਿੰਨ੍ਹ ਖੜ੍ਹੇ ਕਰਦਾ ਹੈ | ਇਸ ਮੌਕੇ ਦਵਿੰਦਰ ਸਿੰਘ ਨੱਤ, ਦਵਿੰਦਰ ਸਿੰਘ ਕੁਤਬਾ, ਲਵਦੀਪ ਸਿੰਘ ਗੋਂਦਵਾਲ, ਵਿੱਕੀ ਕੌੜਾ, ਗੁਰਜੰਟ ਸਿੰਘ ਤੱਤਲਾ, ਅਮਨਦੀਪ ਸਿੰਘ ਖੈਹਿਰਾ, ਸੁਰਿੰਦਰ ਪਾਸੀ, ਮਨਦੀਪ ਸਿੰਘ ਤਲਵੰਡੀ, ਬਲਜਿੰਦਰ ਸਿੰਘ ਗਿੱਲ, ਦੀਪਕ ਬਾਂਸਲ, ਭੂਸ਼ਣ ਕੁਮਾਰ, ਧਾਲੀਵਾਲ ਦੱਧਾਹੂਰ, ਕੌੜਾ ਨੱਥੋਵਾਲ, ਸਵਰਨ ਸਿੰਘ ਜੱਟਪੁਰਾ, ਰਣਜੀਤ ਸਿੰਘ ਤਲਵੰਡੀ, ਜਗਦੇਵ ਸਿੰਘ ਕਲਸੀਆਂ, ਲਾਡੀ ਹਲਵਾਰਾ, ਹੇਮਰਾਜ, ਕੀਮਤੀ ਲਾਲ, ਮਨੋਜ ਜੈਨ, ਬਿੱਟੂ ਜੈਨ, ਹਰਭਜਨ ਸਿੰਘ ਬਦੇਸ਼ਾ, ਹਰੀ ਸਿੰਘ ਮੱਕੜ, ਰਾਜੀਵ ਕੁਮਾਰ, ਸੁਖਚੈਨ ਸਿੰਘ ਗਿੱਲ ਆਦਿ ਹਾਜ਼ਰ ਸਨ |