ਕੋਟ ਈਸੇ ਖਾਂ, 15 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)- 14 ਫਰਵਰੀ 2019 'ਚ ਪੁਲਵਾਮਾ ਹਮਲੇ ਦੀ ਘਟਨਾ ਜਿਸ 'ਚ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ 40 ਜਵਾਨਾਂ 'ਚੋਂ ਜ਼ਿਲ੍ਹਾ ਮੋਗਾ ਦੇ ਪਿੰਡ ਘਲੋਟੀ ਨਾਲ ਸੰਬੰਧਿਤ ਜੈਮਲ ਸਿੰਘ ਨੇ ਵੀ ਸ਼ਹੀਦੀ ਜਾਮ ਪੀਤਾ ਸੀ ਤੇ ਉਸ ਸੰਬੰਧ 'ਚ ਹਰ ਸਾਲ ਪਰਿਵਾਰ ਤੇ ਇਲਾਕਾ ਨਿਵਾਸੀਆਂ ਵਲੋਂ ਸ਼ਹੀਦ ਦੇ ਬਰਸੀ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਏ ਜਾਂਦੇ ਹਨ | ਇਸ ਵਾਰ ਦਾ ਸ਼ਹੀਦੀ ਬਰਸੀ ਸਮਾਗਮ ਗੁਰਦੁਆਰਾ ਭਾਈ ਮਨਸ਼ਾ ਸਿੰਘ ਪਿੰਡ ਘਲੋਟੀ ਵਿਖੇ ਹੋਇਆ, ਜਿਸ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਸਮਾਗਮ 'ਚ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਪਿੰਡ ਦੇ ਸਰਪੰਚ ਸਵਰਾਜ ਸਿੰਘ ਘਲੋਟੀ, ਸਟੇਜ ਸਕੱਤਰ ਪੰਡਤ ਭੀਮ ਸੈਨ ਆਦਿ ਨੇ ਸ਼ਹੀਦ ਜੈਮਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦ ਜੈਮਲ ਸਿੰਘ ਦੇ ਦੇਸ਼ ਪ੍ਰਤੀ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਾਣ ਸਨਮਾਨ ਦੇਣਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ | ਇਸ ਮੌਕੇ ਸ਼ਖ਼ਸੀਅਤਾਂ ਤੇ ਪ੍ਰਬੰਧਕਾਂ ਵਲੋਂ ਸ਼ਹੀਦ ਦੇ ਪਿਤਾ ਜਸਵੰਤ ਸਿੰਘ ਤੇ ਸ਼ਹੀਦ ਦੀ ਪਤਨੀ ਸੁਖਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਤੇ ਪਰਿਵਾਰਕ ਮੈਂਬਰਾਂ ਦਾ ਰੋਸ ਵੀ ਸੀ ਕਿ 2019 ਦੀ ਇਸ ਘਟਨਾ 'ਚ ਜੋ ਪੰਜਾਬ ਨਾਲ ਸੰਬੰਧਿਤ ਸ਼ਹੀਦ ਜਵਾਨ ਸਨ, ਉਨ੍ਹਾਂ ਦੇ ਪਿੰਡਾਂ 'ਚ ਸ਼ਹੀਦਾਂ ਦੇ ਨਾਂਅ ਦੇ ਗੇਟ ਤੇ ਹੋਰ ਸਹੂਲਤਾਂ ਸਰਕਾਰਾਂ ਵਲੋਂ ਦਿੱਤੀਆਂ ਗਈਆਂ ਪਰ ਸ਼ਹੀਦ ਜੈਮਲ ਸਿੰਘ ਦੇ ਨਾਂਅ 'ਤੇ ਗੇਟ ਤੇ ਹੋਰ ਵਾਅਦੇ ਸਰਕਾਰ ਵਲੋਂ ਅਜੇ ਤੱਕ ਵਫ਼ਾ ਨਹੀਂ ਕੀਤੇ ਗਏ ਤੇ ਹੈਰਾਨੀ ਦੀ ਗੱਲ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਨੁਮਾਇੰਦਾ ਤੱਕ ਇਸ ਵਾਰ ਨਹੀਂ ਪਹੁੰਚਿਆ | ਇਸ ਸਮਾਗਮ ਵਿਚ ਇਕੱਤਰ ਸਿੰਘ ਮੈਂਬਰ ਬਲਾਕ ਸੰਮਤੀ, ਗੁਰਜੰਟ ਸਿੰਘ ਰਾਮੂੰਵਾਲਾ, ਇਕਬਾਲਦੀਪ ਸਿੰਘ ਹੈਰੀ, ਰਣਧੀਰ ਸਿੰਘ ਧੀਰਾ, ਇਕਬਾਲ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਪਤੰਗਾ, ਬਖਤੌਰ ਸਿੰਘ, ਅਮਰਜੀਤ ਸਿੰਘ ਹੇਰ, ਲਵਲੀ ਹੇਰ ਸਾਬਕਾ ਸਰਪੰਚ, ਸ਼ਹੀਦ ਜੈਮਲ ਸਿੰਘ ਦਾ ਪਰਿਵਾਰ ਤੇ ਸਾਕ ਸੰਬੰਧੀਆਂ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ |