ਬੱਧਨੀ ਕਲਾਂ, 17 ਫਰਵਰੀ (ਸੰਜੀਵ ਕੋਛੜ)- ਸਬ ਡਵੀਜ਼ਨ ਪੀ.ਐਸ.ਪੀ.ਸੀ.ਐਲ. ਬੱਧਨੀ ਕਲਾਂ ਵਿਖੇ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਦੇ ਸਾਂਝੇ ਸੱਦੇ 'ਤੇ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦੇ ਰੋਸ ਵਜੋਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਜਿਸ 'ਚ ਬੁਲਾਰੇ ਸਾਥੀਆਂ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਰਾਜ ਦੀ ਸਰਕਾਰ ਰਲ ਮਿਲ ਕੇ ਸਰਕਾਰੀ ਮਹਿਕਮਿਆਂ ਨੂੰ ਨਿੱਜੀ ਠੇਕੇਦਾਰਾਂ ਕੋਲ ਵੇਚਣਾ ਚਾਹੁੰਦੀ ਹੈ | ਬਿਜਲੀ ਐਕਟ 2025 ਦੇ ਨਾਂਅ 'ਤੇ ਇਸ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਮੋਟੇ ਮੁਨਾਫ਼ੇ ਕਮਾਏ ਜਾ ਸਕਣ | ਜੋ ਗਰੀਬ ਪਰਿਵਾਰਾਂ ਨੂੰ ਮਿਲਦੀ ਬਿਜਲੀ ਸਬਸਿਡੀ ਉਸ ਨੂੰ ਖ਼ਤਮ ਕੀਤਾ ਜਾਵੇਗਾ | ਪੰਜਾਬ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਹਰ ਤਰ੍ਹਾਂ ਦੇ ਕੱਚੇ ਕਾਮੇ ਨੂੰ ਪੱਕਾ ਕੀਤਾ ਜਾਵੇਗਾ | ਪਰ ਨਾ ਤਾਂ ਕਿਸੇ ਨੂੰ ਪੱਕਾ ਕੀਤਾ ਗਿਆ, ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ, ਜੋ ਸਰਕਾਰੀ ਜ਼ਮੀਨਾਂ ਲੋਕਾਂ ਵਲੋਂ ਦਾਨ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਵੇਚ ਰਹੀ ਹੈ | ਮੁਲਾਜ਼ਮਾਂ ਦਾ 16 ਫ਼ੀਸਦੀ ਡੀ.ਏ. ਰੋਕ ਕੇ ਸਰਕਾਰ ਨੇ 2025 ਵਿਚ ਨਵਾਂ ਰਿਕਾਰਡ ਪੈਦਾ ਕੀਤਾ | ਮੁਲਾਜ਼ਮਾਂ ਨੂੰ ਕੋਈ ਵੀ 2025 'ਚ ਡੀ.ਏ. ਦੀ ਕਿਸ਼ਤ ਜਾਰੀ ਨਹੀਂ ਕੀਤੀ ਗਈ | ਪਾਵਰ ਮੈਨੇਜਮੈਂਟ ਨੇ 14 ਜਨਵਰੀ 2026 ਦੀ ਮੀਟਿੰਗ ਵਿਚ ਭਰੋਸਾ ਦਿੱਤਾ ਸੀ ਕਿ ਮਹਿਕਮੇ ਦੀ ਕਿਸੇ ਵੀ ਜ਼ਮੀਨ ਨੂੰ ਵੇਚਣ ਬਾਰੇ ਨਾ ਕੋਈ ਵਿਚਾਰ ਹੈ ਤੇ ਨਾ ਹੀ ਵੇਚਿਆ ਜਾਵੇਗਾ | ਪਰ ਹੁਣ ਜ਼ਿਲ੍ਹਾ ਪਟਿਆਲਾ ਅੰਦਰ ਬਡੂੰਗਰ ਵਿਖੇ 50 ਏਕੜ ਜ਼ਮੀਨ ਪਾਵਰ ਮੈਨੇਜਮੈਂਟ ਵਲੋਂ ਪੁੱਡਾ ਨੂੰ ਤਬਦੀਲ ਕਰਨ ਸਬੰਧੀ ਕਾਰਵਾਈ ਆਰੰਭੀ ਜਾ ਰਹੀ ਹੈ | ਜੇਕਰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਆਪਣੇ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖੇ ਰੂਪ ਵਿਚ ਲੜਿਆ ਜਾਵੇਗਾ | ਰੈਲੀ 'ਚ ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਬਲਜੀਤ ਸਿੰਘ, ਸੂਬਾ ਮੀਤ ਪ੍ਰਧਾਨ ਸੇਵਕ ਸਿੰਘ, ਇੰਜ ਜਗਰੂਪ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਜੇ.ਈ., ਗੁਰਪ੍ਰੀਤ ਸਿੰਘ ਜੇ.ਈ., ਪ੍ਰਧਾਨ ਬੇਅੰਤ ਸਿੰਘ ਠੇਕਾ ਮੁਲਾਜ਼ਮ ਯੂਨੀਅਨ, ਸਰਬਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਬਿਜਲੀ ਕਾਮਿਆਂ ਨੇ ਹਿੱਸਾ ਲਿਆ |