ਠੱਠੀ ਭਾਈ, 1 ਮਾਰਚ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਵਲੋਂ 12 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਰਵਾਈ ਜਾ ਰਹੀ ''ਪੰਜਾਬ ਬਚਾਓ'' ਵਿਸ਼ਾਲ ਰੈਲੀ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸਾਬਕਾ ਚੇਅਰਮੈਨ ਦਰਸ਼ਨ ਸਿੰਘ ਥਰਾਜ ਦੀ ਅਗਵਾਈ ਹੇਠ ਹਲਕੇ ਅੰਦਰ ਮੀਟਿੰਗਾਂ ਦਾ ਦੌਰ ਜਾਰੀ ਹੈ | ਇਸ ਲੜੀ ਤਹਿਤ ਪਿੰਡ ਢਿਲਵਾਂ ਵਾਲਾ ਵਿਖੇ ਅਹਿਮ ਮੀਟਿੰਗ ਕੀਤੀ ਗਈ, ਜਿਸ 'ਚ ਰੈਲੀ ਨੂੰ ਸਫ਼ਲ ਬਣਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਡੀ ਗਿਣਤੀ 'ਚ ਸ਼ਮੂਲੀਅਤ ਯਕੀਨੀ ਬਣਾਉਣ | ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਥਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ 'ਤੇ ਨਾਕਾਮ ਰਹੀ ਹੈ | ਆਗੂਆਂ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਤੇ ਮਹਿੰਗਾਈ ਤੇ ਭਿ੍ਸ਼ਟਾਚਾਰ ਦੇ ਮਸਲਿਆਂ ਦਾ ਹੱਲ ਨਹੀਂ ਨਿਕਲਿਆ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਰੱਖਿਆ ਲਈ ਵਚਨਬੱਧ ਰਿਹਾ ਹੈ | ਮੀਟਿੰਗ ਦੌਰਾਨ ਆਗੂਆਂ ਨੇ ਪਿੰਡ ਵਾਸੀਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ 12 ਮਾਰਚ ਦੀ ਰੈਲੀ ਵਿਚ ਵੱਡੀ ਗਿਣਤੀ 'ਚ ਪਹੁੰਚਣ | ਇਸ ਮੌਕੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਗੁਰਸੇਵਕ ਸਿੰਘ ਗੁਲਾਬ ਸਿੰਘ ਵਾਲਾ, ਸ਼ਿੰਗਾਰਾ ਸਿੰਘ ਕਲੇਰ ਸਮਾਧ ਭਾਈ, ਰਣਜੀਤ ਸਿੰਘ ਪ੍ਰਧਾਨ, ਸਾਬਕਾ ਸਰਪੰਚ ਦਾਰਾ ਸਿੰਘ, ਪੱਤਰਕਾਰ ਹਰਜੀਤ ਸਿੰਘ, ਸਰਪੰਚ ਪਿਆਰਾ ਸਿੰਘ, ਬਲਜਿੰਦਰ ਸਿੰਘ ਮੈਂਬਰ, ਗੁਰਮੀਤ ਸਿੰਘ ਅਤੇ ਗੁਰਪਾਲ ਸਿੰਘ ਆਦਿ ਹਾਜ਼ਰ ਸਨ |