ਮੋਗਾ, 29 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਦੇ ਮੈਨੇਜਮੈਂਟ ਕਮੇਟੀ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਤੇ ਡਾਇਰੈਕਟਰ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਸਕੂਲ ਨੇ ਅੱਜ ਨਵੇਂ ਅਕਾਦਮਿਕ ਸੈਸ਼ਨ ਲਈ ਵੱਖ-ਵੱਖ ਕਲੱਬ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਕੂਲ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਅਤੇ ਹੁਨਰ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ | ਸਕੂਲ ਦੇ ਵਿਗਿਆਨ ਵਿਭਾਗ ਦੀ ਅਗਵਾਈ ਹੇਠ ਸੰਚਾਲਿਤ ਈਕੋ ਕਲੱਬ ਨੇ ਗਰੀਨ ਕੈਂਪਸ ਡਰਾਈਵ ਮੁਹਿੰਮ ਸ਼ੁਰੂ ਕੀਤੀ ਹੈ | ਇਸ ਪਹਿਲਕਦਮੀ ਤਹਿਤ ਵਿਦਿਆਰਥੀਆਂ ਦੁਆਰਾ ਕੀਤੇ ਜਾਂਦੇ ਰੁੱਖ ਲਗਾਉਣ, ਰਹਿੰਦ-ਖੂੰਹਦ ਨੂੰ ਵੱਖ ਕਰਨ ਅਤੇ ਹਫ਼ਤਾਵਾਰੀ ਸਫ਼ਾਈ ਆਡਿਟ ਵਰਗੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਕਲੱਬ ਦੇ ਮੈਂਬਰ ਪਾਣੀ ਸੰਭਾਲ ਦੇ ਯਤਨਾਂ ਦੀ ਨਿਗਰਾਨੀ ਵੀ ਕਰ ਰਹੇ ਹਨ ਅਤੇ ਸਕੂਲ ਮੈਗਜ਼ੀਨ ਲਈ ਇਕ ਮਾਸਿਕ ਈਕੋ-ਰਿਪੋਰਟ ਤਿਆਰ ਕਰ ਰਹੇ ਹਨ | ਇਸ ਤੋਂ ਇਲਾਵਾ ਪਰਫਾਰਮਿੰਗ ਆਰਟਸ ਕਲੱਬ ਨੇ ਸੰਗੀਤ, ਡਾਂਸ ਅਤੇ ਨਾਟਕ ਲਈ ਆਡੀਸ਼ਨ ਦਾ ਆਯੋਜਨ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਨੀਤੂ ਡਾਂਡੀ ਨੇ ਕਿਹਾ ਕਿ ਅਜਿਹੀਆਂ ਕਲੱਬ ਗਤੀਵਿਧੀਆਂ ਵਿਦਿਆਰਥੀਆਂ ਦੇ ਸਹਿ-ਵਿੱਦਿਅਕ ਵਿਕਾਸ ਲਈ ਜ਼ਰੂਰੀ ਹਨ | ਇਸ ਦੌਰਾਨ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਵੀ ਇਨ੍ਹਾਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ |