ਮੋਗਾ, 30 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜਨਗਣਨਾ 2027 ਤਹਿਤ ਸੈਲਫ ਇਨਿਊਮਰੇਸ਼ਨ ਦਾ ਪੋਰਟਲ 14 ਮਈ ਤੱਕ ਖੋਲ੍ਹ ਦਿੱਤਾ ਗਿਆ ਹੈ ਜਿਸ ਜਰੀਏ ਜ਼ਿਲ੍ਹਾ ਵਾਸੀ ਜਨਗਣਨਾ ਤਹਿਤ ਆਪਣੀ ਜਾਣਕਾਰੀ ਖ਼ੁਦ ਭਰ ਸਕਣਗੇ | ਖ਼ੁਦ ਜਾਣਕਾਰੀ ਭਰਨ ਦੇ ਆਪਸ਼ਨ ਵਾਲੀ ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੈ ਜਿਸ ਤੋਂ ਪੋਰਟਲ ਰਾਹੀਂ ਇਸ ਜਾਣਕਾਰੀ ਨੂੰ ਭਰਿਆ ਜਾ ਸਕਦਾ ਹੈ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਲੋਕ ਇਸ ਆਪਸ਼ਨ ਦਾ ਲਾਭ ਲੈਣ | ਸਵੈ-ਗਣਨਾ ਇਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਖ਼ੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ | ਪਹਿਲਾਂ ਇਹ ਕੰਮ ਸਿਰਫ਼ ਕਾਗ਼ਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ | ਅਧਿਕਾਰਤ ਪੋਰਟਲ 'ਤੇ ਜਾ ਕੇ ਆਪਣੇ ਮੋਬਾਈਲ ਨੰਬਰ ਤੋਂ ਓ.ਟੀ.ਪੀ. ਨਾਲ ਲਾਗਇੰਨ ਕਰਕੇ ਆਪਣਾ ਸੂਬਾ, ਜ਼ਿਲ੍ਹਾ ਤੇ ਸਥਾਨਕ ਵੇਰਵਾ ਚੁਣੋ | ਡਿਜੀਟਲ ਮੈਪ ਉੱਪਰ ਆਪਣੇ ਘਰ ਦਾ ਸਥਾਨ ਟਿੱਕ ਕਰੋ, ਇਸ ਤੋਂ ਬਾਅਦ ਮਕਾਨ ਤੇ ਪਰਿਵਾਰ ਨਾਲ ਸਬੰਧਿਤ ਜਾਣਕਾਰੀ ਭਰੋ | ਸਬਮਿਸ਼ਨ ਤੋਂ ਬਾਅਦ ਐਸ.ਈ. ਆਈ.ਡੀ. ਮਿਲੇਗੀ, ਇਸ ਆਈ.ਡੀ. ਨੂੰ ਸੁਰੱਖਿਅਤ ਰੱਖੋ | ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ਼ ਇਹ ਆਈ.ਡੀ. ਦਿਖਾਉਣੀ ਹੋਵੇਗੀ | ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ | ਡਿਪਟੀ ਕਮਿਸ਼ਨਰ ਦੇ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦਾ ਸੂਚੀਕਰਨ ਸ਼ੁਰੂ ਹੋਵੇਗਾ | ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਹੀ ਨੀਤੀ ਨਿਰਮਾਣ ਦਾ ਆਧਾਰ ਹੈ | ਅਧਿਕਾਰੀ ਇਸ ਨੂੰ ਸਮਰਪਣ ਭਾਵਨਾ ਨਾਲ ਸਫ਼ਲ ਬਣਾਉਣ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਸਮੂਹ ਦਫ਼ਤਰਾਂ ਅਧੀਨ ਕੰਮ ਕਰਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੈਲਫ ਇਨਿਊਮਰੇਸ਼ਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ |