ਮੋਗਾ, 19 ਮਈ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲੇ੍ਹ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਯਾਦ ਵਿਚ ਸਾਲਾਨਾ ਸ਼ਰਧਾਂਜਲੀ ਸਮਾਰੋਹ 25 ਮਈ ਸੋਮਵਾਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਪੂਰੇ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਵਤਾਰ ਸਿੰਘ ਜੋ ਕਿ ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲੇ੍ਹ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਬੰਬ ਧਮਾਕੇ ਵਿਚ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਂਜਲੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਗਰੁੱਪ ਸੈਂਟਰ ਜਲੰਧਰ ਤੋਂ ਫ਼ੌਜ ਦੀ ਵਿਸ਼ੇਸ਼ ਟੁਕੜੀ, ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਸ਼ਹੀਦ ਨੂੰ ਸ਼ਰਧਾਂਜਲੀ ਅਰਪਣ ਕਰਨਗੀਆਂ | ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਿੰਡ ਕਪੂਰੇ ਦੇ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ ਭੋਗ 25 ਮਈ ਨੂੰ ਠੀਕ ਸਵੇਰੇ 11 ਵਜੇ ਪਾਏ ਜਾਣਗੇ, ਇਸ ਉਪਰੰਤ ਸ਼ਹੀਦ ਹੌਲਦਾਰ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅਮਰ ਸਿੰਘ ਵੈੱਲਫੇਅਰ ਕਲੱਬ ਵਲੋਂ ਲਗਾਏ ਗਏ ਸ਼ਹੀਦ ਦੇ ਆਦਮ ਕੱਦ ਬੁੱਤ ਉੱਪਰ ਫ਼ੁੱਲ ਮਾਲਾਵਾਂ ਭੇਟ ਕਰ ਸ਼ਰਧਾਂਜਲੀ ਅਰਪਣ ਕੀਤੀ ਜਾਵੇਗੀ | ਸ਼ਹੀਦ ਦੇ ਪਰਿਵਾਰ ਨੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ, ਧਾਰਮਿਕ ਸੰਸਥਾਵਾਂ, ਸਾਬਕਾ ਸੈਨਿਕਾਂ, ਸਮਾਜਿਕ, ਰਾਜਨੀਤਿਕ ਅਤੇ ਗੈਰ ਰਾਜਨੀਤਿਕ ਜਥੇਬੰਦੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ |