ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਅਗਰਵਾਲ ਸਮਾਜ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਅਜੇ ਕਾਂਸਲ ਨੇ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਜੇ ਕਾਂਸਲ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਦੀ ਤਸਵੀਰ ਹਰ ਅਗਰਵਾਲ ਪਰਿਵਾਰ ਦੇ ਘਰ ਵਿਚ ਹੋਣੀ ਚਾਹੀਦੀ ਹੈ | ਉਨ੍ਹਾਂ ਨੇ ਭਾਈਚਾਰੇ ਅੰਦਰ ਏਕਤਾ ਅਤੇ ਪਰੰਪਰਾਵਾਂ ਨੂੰ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਡਾ. ਕਾਂਸਲ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਗ਼ਰੀਬ ਅਗਰਵਾਲ ਭਰਾ ਦੀ ਮਦਦ ਕਰਨਾ ਸਾਰੇ ਅਗਰਵਾਲਾਂ ਦਾ ਫ਼ਰਜ਼ ਹੈ | ਸਾਨੂੰ ਇਕ ਦੂਜੇ ਦਾ ਸਮਰਥਨ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਅਗਰਵਾਲ ਭਾਈਚਾਰੇ ਦੇ ਬੱਚੇ ਇਸ ਸਮੇਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ | ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਮੀਟਿੰਗ ਵਿਚ ਇਕ ਵਿਸ਼ੇਸ਼ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਇਹ ਕਮੇਟੀ ਬੱਚਿਆਂ ਦੀ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਚੁਣੌਤੀਆਂ 'ਤੇ ਕੰਮ ਕਰੇਗੀ | ਮੀਟਿੰਗ ਵਿਚ ਸਮਾਜ ਦੇ ਕਈ ਉੱਘੇ ਮੈਂਬਰ ਮੌਜੂਦ ਸਨ ਅਤੇ ਪ੍ਰਸਤਾਵਾਂ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ ਗਿਆ |