26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਟਰਮੀਨੇਸ਼ਨ ਸੰਬੰਧੀ ਭੇਜੇ ਸੋ-ਕਾਜ਼ ਨੋਟਿਸਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਭੇਜਿਆ ਮੰਗ-ਪੱਤਰ

ਅਜੀਤ ਡੈਸਕ 17-06-2026

*ਸਰਕਾਰ ਦੇ ਨਾਂਹ ਪੱਖੀ ਵਤੀਰੇ ਦਾ ਜਵਾਬ ਦੇਣ ਲਈ 19 ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਲੱਗੇਗਾ ਪੱਕਾ ਮੋਰਚਾ
ਠੱਠੀ ਭਾਈ, 16 ਜੂਨ (ਜਗਰੂਪ ਸਿੰਘ ਮਠਾੜੂ)-ਹਰ ਤਰਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਸਿੱਖਿਆ ਵਿਭਾਗ ਵਿਚ ਪਿਛਲੇ ਤਿੰਨ ਸਾਲਾਂ ਤੋਂ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ ‘ਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋ-ਕਾਜ ਨੋਟਿਸ ਦੇਣ ਦੇ ਖ਼ਿਲਾਫ਼ ਪੀੜਤ ਅਧਿਆਪਕਾਂ ਵਲੋਂ ਸਾਂਝੇ ਤੌਰ ‘ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਐਮ.ਐਲ.ਏ. ਹਲਕਾ ਕੋਟਕਪੂਰਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਟਰਮੀਨੇਸ਼ਨ ਸੰਬੰਧੀ ਸ਼ੋ-ਕਾਜ ਨੋਟਿਸਾਂ ਨੂੰ ਰੱਦ ਕਰਨ ਲਈ ਮੰਗ ਪੱਤਰ ਭੇਜਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਸਤਪਾਲ ਸਿੰਘ ਨੇ ਦੱਸਿਆ ਕਿ 4161 ਮਾਸਟਰ ਕਾਡਰ ਭਰਤੀ ਦੀ ਪ੍ਰੀਖਿਆ ਅਗਸਤ 2022 ਵਿਚ ਲਈ ਗਈ ਸੀ ਜਿਸ ਦਾ ਨਤੀਜਾ ਦਸੰਬਰ 2022 ਨੂੰ ਜਨਤਕ ਕਰ ਦਿੱਤਾ ਗਿਆ ਸੀ ਅਤੇ ਜਨਵਰੀ 2023 ਵਿਚ ਸਿਲੈੱਕਸ਼ਨ ਲਿਸਟ ਅਨੁਸਾਰ ਅਧਿਆਪਕਾਂ ਨੂੰ ਆਫ਼ਰ ਲੈਟਰ ਦਿੱਤੇ ਗਏ। ਪਰ ਉੱਤਰ ਕੁੰਜੀ ਵਿਚ ਕੁਝ ਤਰੁੱਟੀਆਂ ਹੋਣ ਕਾਰਨ ਇਹ ਮਸਲਾ ਮਾਣਯੋਗ ਹਾਈਕੋਰਟ ਵਿਚ ਚਲਾ ਗਿਆ ਅਤੇ ਕੋਰਟ ਦੇ ਅਦੇਸਾ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਮਾਹਿਰ ਪ੍ਰੋਫੈਸਰਾਂ ਦੀ ਸਾਂਝੀ ਕਮੇਟੀ ਬਣਾ ਕੇ ਉੱਤਰ ਕੁੰਜੀ ਦੀਆਂ ਤਰੁੱਟੀਆਂ ਵਿਚਾਰਨ ਲਈ ਆਦੇਸ਼ ਦਿੱਤਾ ਗਿਆ। ਨਤੀਜੇ ਵਜੋਂ ਦੁਆਰਾ ਸਹੀ ਉੱਤਰ ਕੁੰਜੀ ਬਣਾਈ ਗਈ। ਮਾਣਯੋਗ ਹਾਈਕੋਰਟ ਦੇ ਅਦੇਸਾ ਅਨੁਸਾਰ ਸੋਧੀ ਹੋਈ ਉੱਤਰ ਕੁੰਜੀ ਅਨੁਸਾਰ ਦੁਆਰਾ ਦੂਸਰੀ ਸਿਲੈੱਕਸ਼ਨ ਲਿਸਟ ਬਣਾਈ ਗਈ। ਜਿਸ ਨਾਲ ਜਿੰਨਾਂ ਅਧਿਆਪਕਾਂ ਦਾ ਪਹਿਲੀ ਸਿਲੈੱਕਸ਼ਨ ਲਿਸਟ ਅਨੁਸਾਰ ਨੰਬਰ ਆਉਂਦਾ ਸੀ ਉਹ ਹੁਣ ਬਾਹਰ ਹੋ ਗਏ ਅਤੇ ਉਨ੍ਹਾਂ ਦੀ ਥਾਂ ਦੂਜੀ ਸਹੀ ਸਿਲੈੱਕਸ਼ਨ ਲਿਸਟ ਅਨੁਸਾਰ ਵਧੇ ਨੰਬਰਾਂ ਵਾਲੇ ਸਿਲੈੱਕਸ਼ਨ ਲਿਸਟ ਵਿਚ ਆ ਗਏ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸੋਧੀ ਹੋਈ ਦੂਸਰੀ ਸਿਲੈੱਕਸ਼ਨ ਲਿਸਟ ਅਨੁਸਾਰ ਸਾਰੇ ਅਧਿਆਪਕਾਂ ਨੂੰ 8 ਮਈ 2023 ਨੂੰ ਜੁਆਇਨਿੰਗ ਲੈਟਰ ਦੇ ਕੇ 9 ਮਈ 2023 ਨੂੰ ਜੁਆਇਨ ਕਰਵਾ ਲਿਆ ਗਿਆ। ਇਹ ਅਧਿਆਪਕ ਪਿਛਲੇ 3 ਸਾਲਾਂ ਤੋਂ ਆਪਣੀ ਡਿਊਟੀ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਨਿਭਾਅ ਰਹੇ ਹਨ। ਪਰ ਨੰਬਰ ਘੱਟ ਜਾਣ ਕਾਰਨ ਪਹਿਲੀ ਲਿਸਟ ਚੋਂ ਬਾਹਰ ਹੋਏ ਅਧਿਆਪਕਾਂ ਨੇ ਵੀ ਕੋਰਟ ਰਾਹੀਂ ਨਵੰਬਰ 2025 ਵਿਚ ਆਪਣੀ ਡਿਊਟੀ ਜੁਆਇਨ ਕਰ ਲਈ ਪਰ 6 ਮਈ 2026 ਨੂੰ ਸਿੱਖਿਆ ਵਿਭਾਗ ਵਲੋਂ ਤਿੰਨ ਸਾਲ ਬਾਅਦ ਲਗਭਗ 253 ਦੇ ਕਰੀਬ ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਜਾਰੀ ਕਰ ਦਿੱਤੇ ਹਨ। ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਵਾਰ-ਵਾਰ ਮੀਟਿੰਗਾਂ ਦੇ ਕੇ ਉਸ ਤੋਂ ਟਾਲ਼ਾ ਵੱਟਿਆ ਜਾ ਰਿਹਾ ਹੈ। ਜੇਕਰ ਮੀਟਿੰਗ ਕੀਤੀ ਵੀ ਜਾਂਦੀ ਹੈ ਤਾਂ ਉਸ ਵਿਚ ਕੋਈ ਸਾਰਥਿਕ ਹੱਲ ਦੀ ਹਾਮੀ ਨਹੀਂ ਭਰੀ ਜਾਂਦੀ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਰਵੱਈਏ ਕਰਕੇ 19 ਜੂਨ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੱਕੇ ਮੋਰਚੇ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਿਸ ਵਿਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਸਮੇਂ ਮਾ. ਬੋਹੜ ਸਿੰਘ, ਮੈਡਮ ਕਰਨਦੀਪ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਮੇਅਰ ਦੀ ਚੋਣ ਤੋਂ 5 ਦਿਨ ਬਾਅਦ ਵੀ ਪ੍ਰੋਸੀਡਿੰਗ ਦੀ ਕਾਪੀ ਦੇਣ ਤੋਂ ਭੱਜੀ ਕਾਰਪੋਰੇਸ਼ਨ ਅਗਲੀ ਖ਼ਬਰ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।