26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਮੇਅਰ ਦੀ ਚੋਣ ਤੋਂ 5 ਦਿਨ ਬਾਅਦ ਵੀ ਪ੍ਰੋਸੀਡਿੰਗ ਦੀ ਕਾਪੀ ਦੇਣ ਤੋਂ ਭੱਜੀ ਕਾਰਪੋਰੇਸ਼ਨ

ਅਜੀਤ ਡੈਸਕ 17-06-2026

*ਸਿਵਲ ਸੁਸਾਇਟੀ ਮੋਗਾ ਨੇ ਕਮਿਸ਼ਨਰ ਦੇ ਦਫ਼ਤਰ ਅੱਗੇ ਲਾਇਆ ਧਰਨਾ
ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮਿਊਂਸੀਪਲ ਕਾਰਪੋਰੇਸ਼ਨ ਮੋਗਾ ਦੇ ਮੇਅਰ ਦੀ ਚੋਣ ਹੋਈ ਨੂੰ ਕਰੀਬ ਪੰਜ ਦਿਨ ਹੋ ਚੁੱਕੇ ਹਨ ਪਰ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਹਾਲੇ ਤੱਕ ਚੋਣ ਮੀਟਿੰਗ ਦੀ ਪ੍ਰੋਸੀਡਿੰਗ ਨਹੀਂ ਲਿਖ ਸਕੀ। ਪ੍ਰੋਸੀਡਿੰਗ ਦੀ ਕਾਪੀ ਲੈਣ ਲਈ ਅੱਜ ਜਦ ਸਿਵਲ ਸੁਸਾਇਟੀ ਮੋਗਾ ਦੀ ਟੀਮ ਕਮਿਸ਼ਨਰ ਦਫ਼ਤਰ ਗਈ ਤਾਂ ਕਮਿਸ਼ਨਰ ਆਪਣੀ ਸੀਟ ‘ਤੇ ਨਹੀਂ ਮਿਲੇ। ਉਨ੍ਹਾਂ ਨੂੰ ਅਣਗਿਣਤ ਫ਼ੋਨ ਲਗਾਏ ਪਰ ਉਨ੍ਹਾਂ ਇਕ ਵੀ ਫ਼ੋਨ ਅਟੈਂਡ ਨਹੀਂ ਕੀਤਾ। ਦਫ਼ਤਰੀ ਕਰਮਚਾਰੀ ਸਾਰੀ ਗੱਲ ਕਮਿਸ਼ਨਰ ‘ਤੇ ਸੁੱਟ ਰਹੇ ਸਨ। ਇਸ ਗ਼ੈਰ ਜਿੰਮੇਵਾਰਾਨਾ ਵਤੀਰੇ ਨੂੰ ਦੇਖਦੇ ਹੋਏ ਸਿਵਲ ਸੁਸਾਇਟੀ ਮੈਂਬਰਾਂ ਨੇ ਚਾਰ ਘੰਟੇ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਾਮ ਤੱਕ ਕਾਪੀ ਨਾ ਮਿਲੀ ਤਾਂ ਕੱਲ੍ਹ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੇ ਚੀਫ਼ ਐਡਵਾਈਜ਼ਰ ਅਜੇ ਗੋਰਾ ਸੂਦ ਨੇ ਦੱਸਿਆ ਕਿ ਮੇਅਰ ਚੋਣ ਤੋਂ ਇਕ ਦਿਨ ਪਹਿਲਾਂ ਸਿਵਲ ਸੁਸਾਇਟੀ ਮੋਗਾ ਨੇ ਕਮਿਸ਼ਨਰ ਨਗਰ ਨਿਗਮ ਮੋਗਾ, ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਸ਼ਿਕਾਇਤ ਭੇਜ ਕੇ ਇਸ ਆਧਾਰ ‘ਤੇ ਮੇਅਰ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ ਕਿ ਨੋਟੀਫ਼ਿਕੇਸ਼ਨ ਮੁਤਾਬਿਕ ਚੋਣ ਨਹੀਂ ਕਰਵਾਈ ਜਾ ਰਹੀ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ. ਐਂਡ ਸੀ.ਸੀ. ਕਮੇਟੀ ਨੂੰ ਚੋਣ ਤੋਂ ਬਾਹਰ ਰੱਖਿਆ ਗਿਆ ਹੈ। ਸਿਵਲ ਸੁਸਾਇਟੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਜੇ ਲੋੜ ਪਈ ਤਾਂ ਅਸੀਂ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਕਮਿਸ਼ਨਰ ਨੇ ਸਿਵਲ ਸੁਸਾਇਟੀ ਦੀ ਬੇਨਤੀ ‘ਤੇ ਗ਼ੌਰ ਨਹੀਂ ਕੀਤੀ, ਜਿਸ ਕਾਰਨ ਸਿਵਲ ਸੁਸਾਇਟੀ ਮੋਗਾ ਹਾਈਕੋਰਟ ਪਹੁੰਚ ਚੁੱਕੀ ਹੈ ਤੇ ਪ੍ਰੋਸੀਡਿੰਗ ਦੀ ਕਾਪੀ ਅਦਾਲਤੀ ਕਾਰਵਾਈ ਲਈ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਅਫ਼ਸਰਾਂ ਅੰਦਰ ਘਬਰਾਹਟ ਹੈ ਕਿਉਂਕਿ ਸੱਤਾ ਧਿਰ ਉਨ੍ਹਾਂ ਤੋਂ ਗ਼ਲਤ ਕੰਮ ਕਰਵਾ ਰਹੀ ਹੈ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈਣਾ ਹੈ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਲੱਕੀ ਗਿੱਲ, ਸ਼ਿਵਚਰਨ ਸਿੰਘ, ਹਰਭਜਨ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਖੱਤਰੀ ਸਭਾ ਮੋਗਾ ਵਲੋਂ ਵਿਕਾਸ ਕਪੂਰ ਨੂੰ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਹੋਣ ’ਤੇ ਕੀਤਾ... ਅਗਲੀ ਖ਼ਬਰ ਟਰਮੀਨੇਸ਼ਨ ਸੰਬੰਧੀ ਭੇਜੇ ਸੋ-ਕਾਜ਼ ਨੋਟਿਸਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।