ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਸਕੱਤਰ ਸਿੰਘ ਬੱਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਅਧਿਆਪਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਸਬੰਧੀ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਨੇ 1377 ਅਧਿਆਪਕਾਂ ਜਿਨ੍ਹਾਂ ਦਾ ਡਾਟਾ ਟਰਾਂਸਫ਼ਰ ਸਬੰਧੀ ਮਿਸਮੈਚ ਹੋ ਰਿਹਾ ਹੈ, ਉਨ੍ਹਾਂ ਅਧਿਆਪਕਾਂ ਵਾਸਤੇ ਦੁਬਾਰਾ ਪੋਰਟਲ ਖੋਲ੍ਹਣ ਸਬੰਧੀ ਗੱਲਬਾਤ ਕੀਤੀ ਤਾਂ ਮੌਕੇ ਤੇ ਹੀ ਡੀ.ਪੀ.ਆਈ. ਸੈਕੰਡਰੀ ਵਲੋਂ ਟਰਾਂਸਫ਼ਰ ਸਬੰਧੀ ਪੋਰਟਲ ਖੋਲ੍ਹ ਦਿੱਤਾ ਗਿਆ ਅਤੇ ਸਾਰੇ ਡੀਡੀਉਜ ਨੂੰ ਡਾਟਾ ਦਰੁਸਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ.ਸੀ. ਕਰਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਅਧਿਆਪਕ ਆਪਣੇ ਟਰਾਂਸਫ਼ਰ ਦੇ ਹੱਕ ਦਾ ਲਾਭ ਉਠਾ ਸਕਣ। ਆਗੂਆਂ ਵਲੋਂ ਜਿੰਨਾ ਅਧਿਆਪਕਾਂ ਦੀ ਏਸੀਆਰ ਰਹਿ ਗਈ ਹੈ, ਬਾਰੇ ਗੱਲਬਾਤ ਕੀਤੀ ਤਾਂ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਵਲੋਂ ਜਥੇਬੰਦੀ ਨੂੰ ਕਿਹਾ ਗਿਆ ਹੈ ਕਿ ਡੀ.ਡੀ.�. ਆਪਣੇ ਲੈਵਲ ਤੇ ਹਾਰਡ ਕਾਪੀ ਸੈੱਲਫ਼ ਅਪ੍ਰੇਜਲ ਕਰਕੇ ਕਰ ਸਕਦੇ ਹਨ। ਐਸ.ਐਸ.ਏ. ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੀ ਲੈਂਥ ਆਫ਼ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਛੁੱਟੀਆਂ ਵਾਲਾ ਮਸਲਾ ਵੀ ਡੀ.ਪੀ.ਆਈ. ਵਲੋਂ ਜਲਦੀ ਹੱਲ ਕਰਨ ਦਾ ਜਥੇਬੰਦੀ ਨੂੰ ਭਰੋਸਾ ਦਿੱਤਾ। ਬਾਰਡਰ ਕੇਡਰ ਸਬੰਧੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਡੀ.ਪੀ.ਆਈ. ਨੇ ਵਿਸਥਾਰ ਪੂਰਵਕ ਦੱਸਿਆ ਕਿ ਬਾਰਡਰ ਕੇਡਰ ਲਈ ਸਪੈਸ਼ਲ ਇੰਕਰੀਮੈਂਟ ਵਾਸਤੇ ਵਿਭਾਗ ਵਲੋਂ ਤਕਨੀਕੀ ਉਲਝਣਾਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ, ਜਲਦ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਪ੍ਰਮੋਸ਼ਨ ਸਬੰਧੀ ਗੱਲਬਾਤ ਕਰਦੇ ਹੋਏ ਡੀ.ਪੀ.ਆਈ. ਨੇ ਸਪਸ਼ਟ ਕੀਤਾ ਕਿ ਈ.ਟੀ.ਟੀ. ਤੋਂ ਮਾਸਟਰ ਕੇਡਰ ਦੀ ਪ੍ਰਮੋਸ਼ਨਾਂ ਵਾਸਤੇ ਲੀਗਲ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਕੇ ਪ੍ਰਮੋਸ਼ਨਾਂ ਕੀਤੀਆਂ ਜਾਣਗੀਆਂ, ਮਾਸਟਰ ਕੇਡਰ ਤੋਂ ਲੈਕਚਰਰਸ ਦੀਆਂ ਪ੍ਰਮੋਸ਼ਨਾਂ ਵੀ ਜਲਦੀ ਤੋਂ ਜਲਦੀ ਕੀਤੀਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ 1013 ਡਾਇਰੈਕਟ ਲੈਕਚਰਾਰਾਂ ਦੀ ਭਰਤੀ ਲਈ ਇਕ ਹਫ਼ਤੇ ਦੇ ਅੰਦਰ-ਅੰਦਰ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਲੰਮੇ ਸਮੇਂ ਤੋਂ ਖਾਲੀ ਪਏ ਮਿਡਲ ਸਕੂਲਾਂ ਵਿਚ ਬਦਲੀਆਂ ਦੌਰਾਨ ਪੋਸਟਾਂ ਭਰਨ ਸਬੰਧੀ ਵੀ ਡੀ.ਪੀ.ਆਈ. ਵਲੋਂ ਭਰੋਸਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਦਿਲਰਾਜਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਰਜਿੰਦਰ ਕੁਮਾਰ ਸਟੇਟ ਕਮੇਟੀ ਮੈਂਬਰ, ਰਣਜੀਤ ਸਿੰਘ ਸਟੇਟ ਕਮੇਟੀ ਮੈਂਬਰ, ਨਿਰਮਲ ਸਿੰਘ, ਸੰਦੀਪ ਪੁਰੀ, ਨਵਦੀਪ ਕੌਰ, ਰਮਨਦੀਪ ਕੌਰ ਆਦਿ ਅਧਿਆਪਕ ਸਾਥੀ ਹਾਜ਼ਰ ਸਨ।