*ਅਗਲਾ ਕੈਂਪ 25 ਨੂੰ ਨਗਰ ਨਿਗਮ ਮੋਗਾ ‘ਚ ਲਗਾਇਆ ਜਾਵੇਗਾ-ਇੰਸਪੈਕਟਰ ਸੁਰਜੀਤ ਸਿੰਘ
ਬੱਧਨੀ ਕਲਾਂ, 16 ਜੂਨ (ਸੰਜੀਵ ਕੋਛੜ)-ਨਗਰ ਪੰਚਾਇਤ ਬੱਧਨੀ ਕਲਾਂ ਵਲੋਂ ਲੋਕ ਕਲਿਆਣ ਮੇਲਾ 2.0 ਪੀ.ਐਮ. ਸਵੈਨਿਧੀ ਸਮਾਜਿਕ ਤੇ ਜਾਗਰੂਕਤਾ ਭਰਪੂਰ ਪ੍ਰੋਗਰਾਮ ਕਰਵਾਇਆ। ਇਸ ਮੇਲੇ ਵਿਚ ਸਿਹਤ ਵਿਭਾਗ, ਫੂਡ ਸਪਲਾਈ ਵਿਭਾਗ, ਬੈਂਕਾਂ ਅਤੇ ਇਸਤਰੀ ਤੇ ਬਾਲ ਭਲਾਈ ਵਿਭਾਗ ਵਲੋਂ ਸ਼ਿਰਕਤ ਕੀਤੀ ਗਈ। ਮੰਚ ‘ਤੇ ਵੱਖ-ਵੱਖ ਵਿਭਾਗਾਂ ਵਲੋਂ ਰੇਹੜੀ ਫੜ੍ਹੀ ਵਾਲਿਆਂ ਨੂੰ ਲਾਭ ਯੋਗ ਸਰਕਾਰੀ ਪੀ.ਐਮ. ਸਵੈਨਿਧੀ ਅਤੇ ਸਵਾਨਿਧੀ ਸੇ ਸਮਰਿੱਧੀ ਸਕੀਮਾਂ ਸਬੰਧੀ ਵਿਸਤਾਰ ਸਹਿਤ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਜ਼ਿਲ੍ਹੇ ਦੇ ਸਿਟੀ ਮਿਸ਼ਨ ਮੈਨੇਜਰ ਜਸਵਿੰਦਰ ਸਿੰਘ ਵਲੋਂ ਸਟਰੀਟ ਵੈਂਡਰਜ ਨੂੰ ਕਰਜ਼ੇ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਗਈ। ਸੀ.ਡੀ.ਪੀ. . ਟੀਮ ਅਤੇ ਸਿਹਤ ਵਿਭਾਗ ਨੇ ਸਿਹਤ ਸਬੰਧੀ ਜਾਣਕਾਰੀ ਤੇ ਟਰੇਨਿੰਗ ਦਿੱਤੀ। ਇਸ ਦੌਰਾਨ ਮੈਡੀਕਲ ਕੈਂਪ ਵੀ ਲਾਇਆ ਗਿਆ। ਸਮਾਜਿਕ ਸੁਧਾਰ, ਸਾਂਝੀ ਜ਼ਿੰਮੇਵਾਰੀ ਅਤੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਸਟੀਟ ਵੈਂਡਰਾਂ ਨੂੰ ਦਿੰਦਿਆਂ ਨਵੀਆਂ ਰਜਿਸਟਰੇਸ਼ਨਾਂ ਵੀ ਕੀਤੀਆਂ ਗਈਆਂ। ਸਮਾਗਮ ਵਿਚ ਕਈ ਸਥਾਨਕ ਅਧਿਕਾਰੀ ਅਤੇ ਹੋਰ ਲੋਕ ਸ਼ਾਮਲ ਹੋਏ। ਸਮਾਗਮ ਦੌਰਾਨ ਆਉਣ ਵਾਲੇ ਲੋਕਾਂ ਲਈ ਠੰਢਾ ਪਾਣੀ, ਹਵਾ ਅਤੇ ਬੈਠਣ ਦਾ ਪ੍ਰਬੰਧ ਵੀ ਨਗਰ ਪੰਚਾਇਤ ਵਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਏ.ਡੀ.ਸੀ. ਜਸਪਿੰਦਰ ਸਿੰਘ ਦੇ ਮਾਰਗ ਦਰਸ਼ਨਾ ਅਧੀਨ ਲਗਾਇਆ ਗਿਆ ਕੈਂਪ ਇਹ ਪੂਰੀ ਤਰਾਂ ਨਾਲ ਸਫਲ ਰਿਹਾ। ਜੁਆਇੰਟ ਡਿਪਟੀ ਡਾਇਰੈਕਟਰ ਕਮ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ, ਇੰਸਪੈਕਟਰ ਸੁਰਜੀਤ ਸਿੰਘ, ਇੰਸਪੈਕਟਰ ਮਿਸ ਪਵਿਸ਼, ਮਨਪ੍ਰੀਤ ਸਿੰਘ ਕਲਰਕ, ਪਰੇਟਰ ਮਿਸ ਰਮਨਦੀਪ ਕੌਰ, ਕਲਰਕ ਗੁਰਦੀਪ ਸਿੰਘ, ਅਪਰੇਟਰ ਸਤਿੰਦਰਪਾਲ ਸਿੰਘ, ਪਵਨਦੀਪ, ਜਸਕਰਨ ਸਿੰਘ, ਸਤਨਾਮ ਆਦਿ ਮੌਜੂਦ ਸਨ। ਅੰਤ ਵਿਚ ਸੈਨੇਟਰੀ ਇੰਸਪੈਕਟਰ ਨੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਲੋਕ ਕਲਿਆਣ ਮੇਲੇ ਦੇ ਸਹਿਯੋਗ ਲਈ ਪਹੁੰਚੇ ਅਫ਼ਸਰ ਸਾਹਿਬਾਨਾਂ, ਮੁੱਖ ਸ਼ਖ਼ਸੀਅਤਾਂ ਅਤੇ ਹਾਜ਼ਰ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਗਲਾ ਕੈਂਪ ਮਿਤੀ : 25 ਜੂਨ ਨੂੰ ਨਗਰ ਨਿਗਮ ਮੋਗਾ ਵਿਖੇ ਲਗਾਇਆ ਜਾਵੇਗਾ ਅਤੇ ਉਹ ਪੂਰੇ ਜੂਨ ਮਹੀਨੇ ਦਫ਼ਤਰੀ ਸਮੇਂ ਵਿਚ ਰੇਹੜੀਆਂ, ਫੜ੍ਹੀਆਂ ਵਾਲੇ ਆਪਣਾ ਲੋਨ ਕਰਵਾ ਸਕਦੇ ਹਨ।
ਨਗਰ ਪੰਚਾਇਤ ਬੱਧਨੀ ਕਲਾਂ ਵਲੋਂ ਲੋਕ ਕਲਿਆਣ ਮੇਲਾ 2.0 ਪੀ.ਐਮ. ਸਵੈਨਿਧੀ ਆਯੋਜਿਤ
ਅਜੀਤ ਡੈਸਕ
17-06-2026