ਜਗਰੂਪ ਸਿੰਘ ਰੰਡਿਆਲਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ., ਗੁਰਦੇਵ ਸਿੰਘ ਸ਼ਾਹਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪੁਲਿਸ ਦੇ ਤਾਨਾਸ਼ਾਹੀ ਰਵੱਈਏ ਕਾਰਨ ਅਸਲੀ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਨੌਜਵਾਨ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ ਤੇ ਜਿਹੜੇ ਲੋਕ ਨਸ਼ੇ ਵਰਗੇ ਦੋ ਨੰਬਰ ਦੇ ਧੰਦੇ ਕਰਦੇ ਹਨ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਧੱਕੇਸ਼ਾਹੀਆਂ ਖਿਲਾਫ ਜਿੱਥੇ ਵੀ ਸਮਾਜ ਸੇਵੀ ਜਥੇਬੰਦੀਆਂ ਇਨਸਾਫ ਦੀ ਗੱਲ ਕਰਦੀਆਂ ਹਨ ਤਾਂ ਉਨ੍ਹਾਂ ਦੇ ਬਰਾਬਰ ਜਾਣ ਬੁੱਝ ਕੇ ਹੋਰਨਾਂ ਲੋਕਾਂ ਦੇ ਇਕੱਠ ਮਾਹੌਲ ਨੂੰ ਖਰਾਬ ਕਰਨ ਲਈ ਕਰਵਾਏ ਜਾਂਦੇ ਹਨ| ਉਪਰੰਤ ਅਮਿਤੋਜ ਸਿੰਘ ਮਾਨ ਨੇ ਸੰਬੋਧਨ ਵਿਚ ਹਲਕਾ ਵਿਧਾਇਕ ਅਤੇ ਪੁਲਿਸ ਦੇ ਕੁਝ ਅਫਸਰਾਂ ਦੀ ਸਖਤ ਸ਼ਬਦਾਂ ’ਚ ਆਲੋਚਨਾ ਕਰਦਿਆਂ ਕਿਹਾ ਕਿ ਕੁਲਵਿੰਦਰ ਸਿੰਘ ਮਾਨ ਖਿਲਾਫ ਹੋਈ ਕਾਰਵਾਈ ਵਿਚ ਕੋਟ ਈਸੇ ਖਾਂ ਥਾਣਾ ਮੁਖੀ ਦਾ ਵੱਡਾ ਹੱਥ ਹੈ ਕਿਉਂਕਿ ਕੁਲਵਿੰਦਰ ਮਾਨ ਮੈਡੀਕਲ ਨਸ਼ੇ ਖਿਲਾਫ ਬੋਲਦਾ ਸੀ ਤੇ ਇਕ ਮੈਡੀਕਲ ਵਿਕਰੇਤਾ ਦੇ ਪਰਿਵਾਰਕ ਮੈਂਬਰ ਦੇ ਬਿਆਨਾਂ ’ਤੇ ਜਿਹੜਾ ਪਰਚਾ ਹੋਇਆ ਉਸ ਦੀ ਕਹਾਣੀ ਮੁਤਾਬਕ ਵੀ ਅਜਿਹੀਆਂ ਸੰਗੀਨ ਧਰਾਵਾਂ ਨਹੀਂ ਲੱਗ ਸਕਦੀਆਂ ਤੇ ਇਸ ਮੁਕੱਦਮੇ ਦੀ ਜੇਕਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨਿਰਪੱਖ ਜਾਂਚ ਨਹੀਂ ਕਰਦਾ ਤਾਂ ਡੀ.ਜੀ.ਪੀ ਪੰਜਾਬ ਤੱਕ ਵੀ ਪਹੁੰਚ ਕੀਤੀ ਜਾਵੇਗੀ। ਇਸ ਧਰਨੇ ਵਿਚ ਹੋਰ ਕੁਝ ਲੋਕਾਂ ਨੇ ਵੀ ਆਪਣੇ ਨਾਲ ਹੋਈਆਂ ਧੱਕੇਸ਼ਾਹੀਆਂ ਤੇ ਇਨਸਾਫ ਨਾ ਮਿਲਣ ਦੀ ਗੱਲ ਬਿਆਨ ਕੀਤੀ। ਇਸ ਮੌਕੇ ਆਗੂਆਂ ਵਲੋਂ ਡੀ.ਐਸ.ਪੀ. ਧਰਮਕੋਟ ਨੂੰ ਨਿਰਪੱਖ ਜਾਂਚ ਲਈ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਇਲਾਵਾ ਇਨਸਾਫ ਨੂੰ ਲੈ ਕੇ ਧਰਨਾਕਾਰੀਆਂ ਵਲੋਂ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।