ਭੋਗ ’ਤੇ ਵਿਸ਼ੇਸ਼- ਅੰਬਰੋਂ ਟੁੱਟਾ ਤਾਰਾ ਐਡਵੋਕੇਟ ਅਮਨਇੰਦਰ ਸਿੰਘ ਸੋਢੀ
ਮੋਗਾ, 1 ਅਗਸਤ-ਇਸ ਨਾਸ਼ਵਾਨ ਸੰਸਾਰ ‘ਤੇ ਜੋ ਵੀ ਜੀਵ ਆਇਆ ਹੈ ਉਸ ਨੇ ਇਕ ਨਾ ਇਕ ਦਿਨ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ ਪਰ ਭਰ ਜਵਾਨੀ ਵਿਚ ਮਾਪਿਆਂ ਦੇ ਬੈਠਿਆਂ ਐਡਵੋਕੇਟ ਅਮਨਇੰਦਰ ਸਿੰਘ ਵਰਗੇ ਜਵਾਨ ਪੁੱਤ ਦਾ ਚਲੇ ਜਾਣਾ ਅਸਹਿ ਤੇ ਅਕਹਿ ਸਦਮਾ ਹੈ। ਇਸ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਸ
ਸਵ: ਅਮਨਇੰਦਰ ਸਿੰਘ ਸੋਢੀ।
02-08-2026
ਮੋਗਾ, 1 ਅਗਸਤ-ਇਸ ਨਾਸ਼ਵਾਨ ਸੰਸਾਰ ‘ਤੇ ਜੋ ਵੀ ਜੀਵ ਆਇਆ ਹੈ ਉਸ ਨੇ ਇਕ ਨਾ ਇਕ ਦਿਨ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ ਪਰ ਭਰ ਜਵਾਨੀ ਵਿਚ ਮਾਪਿਆਂ ਦੇ ਬੈਠਿਆਂ ਐਡਵੋਕੇਟ ਅਮਨਇੰਦਰ ਸਿੰਘ ਵਰਗੇ ਜਵਾਨ ਪੁੱਤ ਦਾ ਚਲੇ ਜਾਣਾ ਅਸਹਿ ਤੇ ਅਕਹਿ ਸਦਮਾ ਹੈ। ਇਸ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਅਮਨਇੰਦਰ ਸਿੰਘ ਸੋਢੀ ਦਾ ਜਨਮ 29 ਨਵੰਬਰ 1988 ਨੂੰ ਮੋਗਾ ਜ਼ਿਲ੍ਹੇ ਦੀ ਨਾਮਵਰ ਸ਼ਖ਼ਸੀਅਤ ਹਰਭੁਪਿੰਦਰ ਸਿੰਘ ਲਾਡੀ ਦੇ ਗ੍ਰਹਿ ਮਾਤਾ ਪਰਮਜੀਤ ਕੌਰ ਸੋਢੀ ਦੀ ਕੁੱਖੋਂ ਫ਼ਿਰੋਜ਼ਪੁਰ ਵਿਖੇ ਹੋਇਆ। ਆਪ ਨੇ ਮੁੱਢਲੀ ਸਿੱਖਿਆ ਸੈਂਟ ਜੋਸਫ ਕਾਨਵੈਂਟ ਸਕੂਲ ਫ਼ਿਰੋਜ਼ਪੁਰ ਤੋਂ ਪ੍ਰਾਪਤ ਕੀਤੀ ਤੇ ਬੀ.ਕਾਮ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ। ਖ਼ਾਨਦਾਨੀ ਪਰਿਵਾਰ ਦੇ ਇਸ ਨੌਜਵਾਨ ਨੇ ਐਮ.ਬੀ.ਏ. ਦੀ ਪੜ੍ਹਾਈ ਲਾਂਡਰਾ ਕਾਲਜ ਚੰਡੀਗੜ੍ਹ ਤੋਂ ਕਰਨ ਉਪਰੰਤ ਸੰਨ 2017 ਵਿਚ ਐਲ.ਐਲ.ਬੀ. ਦੀ ਡਿਗਰੀ ਗੰਗਾਨਗਰ ਰਾਜਸਥਾਨ ਤੋਂ ਪ੍ਰਾਪਤ ਕੀਤੀ। ਪੜ੍ਹਾਈ ਕਰਨ ਉਪਰੰਤ ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਜ਼ਿਲ੍ਹਾ ਕਚਹਿਰੀ ਮੋਗਾ ਵਿਖੇ ਪ੍ਰੈਕਟਿਸ ਸ਼ੁਰੂ ਕੀਤੀ ਪਰ ਪਿਤਾ ਲੰਮਾ ਸਮਾਂ ਸਰਪੰਚ, ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਇਲਾਕੇ ਦੇ ਸਮਾਜ ਸੇਵੀ ਹੋਣ ਕਾਰਨ ਮਨ ਅੰਦਰ ਲੋਕ ਸੇਵਾ ਦਾ ਜਜ਼ਬਾ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਦੇ ਮਨ ਵਿਚ ਭਰਿਆ ਹੋਇਆ ਸੀ। ਆਪ ਦਾ ਵਿਆਹ 19 ਨਵੰਬਰ 2020 ਨੂੰ ਪੂਨਮ ਧਾਲੀਵਾਲ ਪੁੱਤਰੀ ਇਕਬਾਲ ਕੌਰ ਤੇ ਮਨਜੀਤ ਸਿੰਘ ਧਾਲੀਵਾਲ ਪਿੰਡ ਚਿਬੜਾਂਵਾਲਾ ਸ੍ਰੀ ਮੁਕਤਸਰ ਨਾਲ ਹੋਇਆ। ਆਪ ਦੇ ਗ੍ਰਹਿ ਬੇਟੇ ਗੁਰਨਿਵਾਜ ਸਿੰਘ ਸੋਢੀ ਤੇ ਪੁੱਤਰੀ ਸਦਾ ਕੌਰ ਨੇ ਜਨਮ ਲਿਆ। ਮਹਿਜ਼ ਚਾਰ ਦੇ ਸਪੁੱਤਰ ਤੇ ਕੁਝ ਮਹੀਨਿਆਂ ਦੀ ਧੀ ਜਿਸ ਨੇ ਅਜੇ ਪੂਰੀ ਤਰ੍ਹਾਂ ਪਾਪਾ ਕਹਿਣਾ ਵੀ ਨਹੀਂ ਸੀ ਸਿੱਖਿਆ, ਨੂੰ ਛੱਡ ਕੇ ਉੱਥੇ ਚਲੇ ਗਏ ਜਿੱਥੇ ਗਿਆ ਕੋਈ ਵਾਪਸ ਨਹੀਂ ਆਇਆ। ਦੋ ਭੈਣਾਂ ਦੇ ਇਕਲੌਤੇ ਭਰਾ ਐਡਵੋਕੇਟ ਅਮਨਇੰਦਰ ਸਿੰਘ ਅਜੇ ਕੁਝ ਸਮਾਂ ਪਹਿਲਾਂ ਹੀ ਸਿਆਸੀ ਖੇਤਰ ਵਿਚ ਜਦੋਂ ਸਰਗਰਮ ਹੋਏ ਤਾਂ ਦੇਖਦੇ ਹੀ ਦੇਖਦੇ ਇਨ੍ਹਾਂ ਨੇ ਆਪਣੇ ਹਲਕੇ ਤੇ ਜ਼ਿਲ੍ਹੇ ‘ਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣੀ ਸ਼ੁਰੂ ਕਰ ਦਿੱਤੀ। ਸਮਾਜ ਦੇ ਲੋਕਾਂ ਨੂੰ ਇਸ ਹੋਣਹਾਰ ਨੌਜਵਾਨ ਤੋਂ ਬਹੁਤ ਵੱਡੀਆਂ ਆਸਾਂ ਸਨ ਕਿਉਂਕਿ ਐਡਵੋਕੇਟ ਅਮਨਇੰਦਰ ਸਿੰਘ ਹਰ ਕਿਸੇ ਨੂੰ ਪਹਿਲੀ ਮਿਲਣੀ ਵਿਚ ਆਪਣਾ ਬਣਾਉਣ ਦੀ ਸਮਰੱਥਾ ਰੱਖਦਾ ਸੀ। ਬੀਤੀ 25 ਜੁਲਾਈ ਨੂੰ ਜਦੋਂ ਇਹ ਮਨਹੂਸ ਖ਼ਬਰ ਸੋਸ਼ਲ ਮੀਡੀਆ ‘ਤੇ ਆਈ ਤਾਂ ਜਿਸ ਨਾਲ ਸਮੁੱਚੇ ਜ਼ਿਲ੍ਹੇ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਸੀ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਲਈ ਪੁੱਜੇ। ਲਾਡੀ ਬੁੱਟਰ ਦੇ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਵੇਖਦਿਆਂ ਹਰ ਇਨਸਾਨ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਅੱਥਰੂ ਆਉਣੇ ਸ਼ੁਰੂ ਹੋ ਗਏ। ਅੱਜ ਉਸ ਦੇ ਜਾਣ ਨਾਲ ਮਾਪਿਆਂ, ਰਿਸ਼ਤੇਦਾਰਾਂ ਤੇ ਸਾਕ ਸੰਬੰਧੀਆਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਉਹ ਸਾਊ ਤੇ ਨਿੱਘੇ ਸੁਭਾਅ ਦਾ ਮਾਲਕ ਸੀ। ਸਵ: ਅਮਨਇੰਦਰ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਅੱਜ ਮਿਤੀ 2 ਅਗਸਤ ਦਿਨ ਐਤਵਾਰ ਨੂੰ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ (ਮੋਗਾ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। - ਸੁਰਿੰਦਰਪਾਲ ਸਿੰਘ