ਸ਼ੇਰਪੁਰ, 14 ਫਰਵਰੀ (ਮੇਘ ਰਾਜ ਜੋਸ਼ੀ) - ਆਮ ਆਦਮੀ ਕਲੀਨਿਕ ਫ਼ਤਿਹਗੜ੍ਹ ਪੰਜਗਰਾਈਆਂ ਵਿਖੇ ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ ਗਿਆ | ਡਾ. ਜੀ.ਐਸ. ਭਿੰਡਰ ਨੇ ਦੱਸਿਆ ਕਿ ਸਰੀਰਕ ਸਿਹਤ ਵਾਂਗ ਮਨ ਦੀ ਸਿਹਤ ਤੰਦਰੁਸਤ ਰੱਖਣੀ ਬਹੁਤ ਜ਼ਰੂਰੀ ਹੈ | ਜੇਕਰ ਨੀਂਦ ਨਾ ਆਵੇ, ਭੁੱਖ ਨਾ ਲੱਗੇ, ਰੋਜ਼ਾਨਾ ਕੰਮਾਂ ਕਾਰਾਂ ਵਿੱਚ ਦਿਲਚਸਪੀ ਨਾ ਹੋਵੇ , ਬਿਨਾਂ ਕਾਰਨ ਉਦਾਸੀ ਆਵੇ ਜਾਂ ਖ਼ੁਦਕੁਸ਼ੀ ਦੇ ਖ਼ਿਆਲ ਤੰਗ ਕਰਦੇ ਹੋਣ ਤਾਂ ਆਪਣੀ ਮਾਨਸਿਕ ਸਿਹਤ ਬਾਰੇ ਡਾਕਟਰੀ ਸਲਾਹ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ | ਮਾਨਸਿਕ ਰੋਗਾਂ ਨੂੰ ਜਿੰਨਾਂ ਜਲਦੀ ਪਹਿਚਾਣਿਆ ਜਾਵੇ, ਇਲਾਜ ਸੁਖਾਲਾ ਹੋ ਜਾਂਦਾ ਹੈ | ਇਸ ਮੌਕੇ ਡਾ. ਨਿਧਾ ਅਤੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਮਰੀਜ਼ ਘਰ ਬੈਠੇ ਆਪਣੇ ਫ਼ੋਨ 'ਤੇ ਇਸ ਸੇਵਾ ਦਾ ਆਸਾਨੀ ਨਾਲ ਲਾਭ ਉਠਾ ਸਕਦੇ | ਕਾਲਰ/ਮਰੀਜ਼ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ | ਟੈਲੀ-ਮਾਨਸ ਦੀ ਆਪਣੀ ਇੱਕ ਮੋਬਾਈਲ ਐਪ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਅਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਕਾਲ 'ਤੇ ਪ੍ਰਦਾਨ ਕੀਤਾ ਜਾਂਦਾ ਹੈ | ਆਪਣੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ | ਟੈਲੀ ਮਾਨਸ ਲੋੜ ਪੈਣ 'ਤੇ ਵਿਅਕਤੀਗਤ ਤੌਰ 'ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ | ਇਸ ਵਿਚ ਵੀਡੀਓ ਕਾਲ ਰਾਹੀ ਦਵਾਈ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ | ਇਸ ਮੌਕੇ ਰਾਜੇਸ਼ ਰਿਖੀ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |