ਸੁਨਾਮ ਊਧਮ ਸਿੰਘ ਵਾਲਾ, 1 ਮਾਰਚ (ਧਾਲੀਵਾਲ, ਭੁੱਲਰ) - ਪੰਜਾਬ ਸੂਬਾ ਸਰਕਾਰ ਵਲੋਂ ਨੌਜਵਾਨ ਖਿਡਾਰੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਤਿਆਰ ਕਰਨ ਵਾਲਾ ਰਿਹਾਇਸ਼ੀ ਮਲਟੀ ਸਪੋਰਟਸ ਕੰਪਲੈਕਸ ਹੁਣ ਸੁਨਾਮ ਊਧਮ ਸਿੰਘ ਵਾਲਾ ਵਿਖੇ ਬਣਨ ਜਾ ਰਿਹਾ ਹੈ | ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵਲੋਂ ਸਥਾਨਕ ਨਮੋਲ ਰੋਡ 'ਤੇ 29.54 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਅਤਿਆਧੁਨਿਕ ਰਿਹਾਇਸ਼ੀ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਚਨਬੱਧ ਹੈ | 'ਯੁੱਧ ਨਸ਼ਿਆਂ ਵਿਰੁੱਧ' ਅਤੇ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮਾਂ ਤਹਿਤ ਸੂਬਾ ਸਰਕਾਰ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਰੋਜ਼ਗਾਰ ਵੱਲ ਉਤਸ਼ਾਹਿਤ ਕਰਨਾ ਹੈ, ਤਾਂ ਜੋ ਉਹ ਗ਼ਲਤ ਰਾਹਾਂ ਤੋਂ ਬਚ ਕੇ ਆਪਣੀ ਊਰਜਾ ਰਚਨਾਤਮਿਕ ਕਾਰਜਾਂ ਵਿਚ ਲਗਾ ਸਕਣ | ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਉਹ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਖਿਡਾਰੀਆਂ ਲਈ ਲੋੜੀਂਦੀਆਂ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਇੱਥੇ ਤਿੰਨ ਮੰਜ਼ਿਲ ਪ੍ਰਬੰਧਕੀ ਬਲਾਕ ਤੋਂ ਇਲਾਵਾ ਬਾਕਸਿੰਗ, ਯੋਗਾ, ਐਡਵਾਂਸ ਜਿਮ, ਫਿਜ਼ਿਓ ਥੈਰੇਪੀ ਅਤੇ ਬਾਇਓ ਮਕੈਨਿਕ ਲੈਬ, ਸਵਿਮਿੰਗ ਪੂਲ, ਤਿੰਨ-ਤਿੰਨ ਬਾਸਕਟਬਾਲ ਤੇ ਵਾਲੀਬਾਲ ਕੋਰਟ ਅਤੇ 90 ਖਿਡਾਰੀਆਂ ਦੀ ਸਮਰੱਥਾ ਵਾਲਾ ਰਿਹਾਇਸ਼ੀ ਹੋਸਟਲ ਵੀ ਬਣਾਇਆ ਜਾਵੇਗਾ | ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਰਿਹਾਇਸ਼ੀ ਸਪੋਰਟਸ ਕੰਪਲੈਕਸ ਸੁਨਾਮ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਖੇਡਾਂ ਦੀ ਉੱਚ-ਪੱਧਰੀ ਤਿਆਰੀ ਅਤੇ ਰਹਾਇਸ਼ੀ ਸਹੂਲਤਾਂ ਦੇ ਨਾਲ ਇੱਕ ਕੇਂਦਰ ਵਜੋਂ ਉੱਭਰੇਗਾ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਮਜ਼ਬੂਤ ਪਛਾਣ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ | ਇਸ ਮੌਕੇ ਐਸ.ਡੀ.ਐਮ. ਗਗਨਦੀਪ ਸਿੰਘ, ਚੇਅਰਮੈਨ ਮੁਕੇਸ਼ ਜੁਨੇਜਾ, ਐਕਸੀਅਨ ਲੋਕ ਨਿਰਮਾਣ ਅਜੇ ਗਰਗ, ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ, ਤਹਿਸੀਲਦਾਰ ਅਮਿਤ ਕੁਮਾਰ, ਐਸ.ਡੀ.ਓ ਬਲਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ |
ਸੁਨਾਮ 'ਚ ਬਣੇਗਾ ਅਤਿ-ਆਧੁਨਿਕ ਖੇਡ ਸਹੂਲਤਾਂ ਵਾਲਾ ਰਿਹਾਇਸ਼ੀ ਮਲਟੀ ਸਪੋਰਟਸ ਕੰਪਲੈਕਸ <br/>
ਰਿਹਾਇਸ਼ੀ ਮਲਟੀ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ | ਤਸਵੀਰ: ਧਾਲੀਵਾਲ<br/>
02-03-2026